ਕੌਮੀ ਖੇਡਾਂ 'ਚ "ਗੱਤਕਾ ਖੇਡ" ਨੂੰ ਸ਼ਾਮਲ ਕਰਵਾਉਣ ਵਾਲੀ ਗੁਰਸਿੱਖ ਸ਼ਖਸੀਅਤ ਦਾ ਸ਼੍ਰੋਮਣੀ ਕਮੇਟੀ ਕਰੇ ਵਿਸ਼ੇਸ਼ ਸਨਮਾਨ : ਪ੍ਰੋ. ਬਡੂੰਗਰ

ਦੁਆਰਾ: News ਪ੍ਰਕਾਸ਼ਿਤ :Tuesday, 16 May, 2023, 10:13 PM

ਗੱਤਕਾ ਖੇਡ ਨੂੰ ਕੌਮੀ ਖੇਡਾਂ ਵਿੱਚ ਮਾਨਤਾ ਮਿਲਣ ਨਾਲ ਨੌਜਵਾਨ ਗਤਕਾ ਖੇਡ ਨਾਲ ਜੁੜਨਗੇ : ਪ੍ਰੋਫੈਸਰ ਬਡੂੰਗਰ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਮੌਕੇ 16 ਅਕਤੂਬਰ 2002 ਨੂੰ ਮਾਤਾ ਗੁਜਰੀ ਕਾਲਜ ਵਿਖੇ ਹੋਈਆਂ ਖ਼ਾਲਸਾਈ ਖੇਡਾਂ ਵਿੱਚ ਸ਼ਾਮਲ ਕੀਤੀ ਗਈ ਸੀ ਗਤਕਾ ਖੇਡ

ਪਟਿਆਲਾ, 16 ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮਾਰਸ਼ਲ ਆਰਟ ਗੱਤਕਾ ਨੂੰ ਕੌਮੀ ਖੇਡਾਂ ਵਿੱਚ ਸ਼ਾਮਲ ਕੀਤੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਮੌਕੇ 16 ਅਕਤੂਬਰ 2002 ਨੂੰ ਉਨ੍ਹਾਂ ਦੇ ਬਤੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਪਹਿਲੀ ਵਾਰ ਆਰੰਭ ਕਰਵਾਈਆਂ ਖ਼ਾਲਸਾਈ ਖੇਡਾਂ ਦੌਰਾਨ ਗੱਤਕਾ ਨੂੰ ਖੇਡਾਂ ਵਿੱਚ ਸ਼ਾਮਲ ਕਰਵਾਇਆ ਗਿਆ ਸੀ ਤੇ ਬਾਅਦ ਵਿਚ ਗਤਕੇ ਦਾ ਸਪੈਸ਼ਲ ਤੌਰ ਤੇ ਡਿਪਾਟਮੈਂਟ ਵੀ ਖੋਲ੍ਹਿਆ ਗਿਆ ਸੀ, ਜੋ ਅੱਜ ਤਕ ਸਫਲਤਾ ਪੂਰਵਕ ਚੱਲ ਰਿਹਾ ਹੈ।
ਪ੍ਰੋਫੈਸਰ ਬਡੂੰਗਰ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਵੱਲੋਂ ਗਤਕਾ ਖੇਡ ਸ਼ੁਰੂ ਕਰਵਾਈ ਗਈ ਸੀ ਅੱਜ ਉਸ ਖੇਡ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੇ ਵਿਸ਼ੇਸ਼ ਯਤਨਾਂ ਸਦਕਾ ਕੌਮੀ ਖੇਡਾਂ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਗਤਕਾ ਖੇਡ ਨੂੰ ਪ੍ਰਫੁਲਤ ਕਰਨ ਲਈ ਲੰਮੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਹਨ ਤੇ ਉਨ੍ਹਾਂ ਵੱਲੋਂ ਵੱਡਾ ਯੋਗਦਾਨ ਅਦਾ ਕੀਤਾ ਜਾ ਰਿਹਾ ਹੈ ਤੇ ਉਹ ਇਸ ਪ੍ਰਾਪਤੀ ਲਈ ਵਧਾਈ ਦੇ ਪਾਤਰ ਹਨ ਤੇ ਨਾਲ ਹੀ ਉਨ੍ਹਾਂ ਭਾਰਤੀ ਓਲੰਪਿਕ ਐਸੋਸੀਏਸ਼ਨ ਅਤੇ ਗੇਮਜ਼ ਟੈਕਨੀਕਲ ਕੰਡਕਟ ਕਮੇਟੀ ਦਾ ਵੀ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਹਰਜੀਤ ਗਰੇਵਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਉਪ ਮੁੱਖ ਮੰਤਰੀ ਅਤੇ ਖੇਡ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਗੱਤਕਾ ਖੇਡ ਨੂੰ ਗਰੇਡੇਸ਼ਨ ਕਰਵਾਈ, ਜਿਸ ਸਦਕਾ ਗਤਕਾ ਖਿਡਾਰੀ ਵੀ ਹੋਰਨਾਂ ਖਿਡਾਰੀਆਂ ਵਾਂਗ ਖੇਡ ਕੋਟੇ ਵਿਚ 3ਫ਼ੀਸਦੀ ਲਾਹਾ ਲੈਣ ਦੇ ਯੋਗ ਬਣੇ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਗੱਤਕਾ ਖਿਡਾਰੀਆਂ ਨੂੰ ਇਹ ਦੂਸਰਾ ਤੋਹਫਾ ਦਿੱਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਵੀ ਖੇਲੋ ਇੰਡੀਆ ਵਿੱਚ ਗੱਤਕੇ ਖੇਡ ਨੂੰ ਮਾਨਤਾ ਦਿਵਾਈ ਗਈ ਸੀ ਤੇ ਹੁਣ ਨੈਸ਼ਨਲ ਖੇਡਾਂ ਵਿੱਚ ਸ਼ਮੂਲੀਅਤ ਕਰਵਾ ਕੇ ਦੂਸਰਾ ਤੋਹਫਾ ਖਿਡਾਰੀਆਂ ਨੂੰ ਦਿੱਤਾ ਗਿਆ ਹੈ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਲਈ ਵਡਮੁੱਲੇ ਕਾਰਜ ਕਰਨ ਵਾਲੇ ਪਹਿਲੀ ਕਤਾਰ ਦੇ ਉੱਚ ਸਰਕਾਰੀ ਅਧਿਕਾਰੀ ਹਰਜੀਤ ਗਰੇਵਾਲ ਵੱਲੋਂ ਨੌਕਰੀ ਦੇ ਹੁੰਦਿਆਂ ਹੋਇਆਂ ਵੀ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਪੰਥ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਗੁਰਸਿੱਖ ਸ਼ਖਸੀਅਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਸ ਦਾ ਹੌਸਲਾ ਹੋਰ ਵਧ ਸਕੇ।

ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਤੇ ਹਰਜੀਤ ਸਿੰਘ ਗਰੇਵਾਲ ।



Scroll to Top