ਜੰਮੂ ਕਸ਼ਮੀਰ ਕੈਬਨਿਟ ਨੇ ਕੀਤਾ ਜੰਮੂ ਕਸ਼ਮੀਰ ਦੀ ਸੂਬੇ ਦੀ ਦਰਜਾ ਬਹਾਲੀ ਲਈ ਮਤਾ ਪਾਸ

ਦੁਆਰਾ: Punjab Bani ਪ੍ਰਕਾਸ਼ਿਤ :Saturday, 19 October, 2024, 08:19 AM

ਜੰਮੂ ਕਸ਼ਮੀਰ ਕੈਬਨਿਟ ਨੇ ਕੀਤਾ ਜੰਮੂ ਕਸ਼ਮੀਰ ਦੀ ਸੂਬੇ ਦੀ ਦਰਜਾ ਬਹਾਲੀ ਲਈ ਮਤਾ ਪਾਸ
ਸ੍ਰੀਨਗਰ : ਭਾਰਤ ਦੇ ਸੂਬੇ ਜੰਮੂ ਕਸਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਹੇਠ ਹੋਈ ਜੰਮੂ ਕਸ਼ਮੀਰ ਕੈਬਨਿਟ ਦੀ ਪਹਿਲੀ ਮੀਟਿੰਗ ਦੌਰਾਨ ਸੂਬੇ ਦੀ ਦਰਜਾ ਬਹਾਲੀ ਲਈ ਮਤਾ ਪਾਸ ਕਰ ਦਿੱਤਾ ਗਿਆ। ਸੂਤਰਾਂ ਨੇ ਕਿਹਾ ਕਿ ਮਤੇ ’ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਫੌਰੀ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਤੇ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਮਰ ਅਬਦੁੱਲਾ ਆਉਂਦੇ ਕੁਝ ਦਿਨਾਂ ’ਚ ਦਿੱਲੀ ਜਾ ਕੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਣਗੇ।ਜਿ਼ਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਧਾਰਾ 370 ਰੱਦ ਕਰਕੇ 5 ਅਗਸਤ, 2019 ਨੂੰ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਸੀ।ਉਮਰ ਅਬਦੁੱਲਾ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ’ਚ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ, ਮੰਤਰੀ ਸਕੀਨਾ ਮਸੂਦ ਇੱਤੂ, ਜਾਵੇਦ ਅਹਿਮਦ ਰਾਣਾ, ਜਾਵੇਦ ਅਹਿਮਦ ਡਾਰ ਅਤੇ ਸਤੀਸ਼ ਸ਼ਰਮਾ ਹਾਜ਼ਰ ਸਨ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤਾਰਿਕ ਹਮੀਦ ਕਾਰਾ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਨਹੀਂ ਹੁੰਦਾ, ਉਨ੍ਹਾਂ ਦੀ ਪਾਰਟੀ ਮੰਤਰੀ ਮੰਡਲ ’ਚ ਸ਼ਾਮਲ ਨਹੀਂ ਹੋਵੇਗੀ। ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਆਸ ਜਤਾਈ ਕਿ ਕੇਂਦਰ ਛੇਤੀ ਹੀ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਕਰੇਗਾ। ਫਾਰੂਕ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਸੂਬੇ ਦੇ ਦਰਜਾ ਬਹਾਲੀ ਸਬੰਧੀ ਅਰਜ਼ੀ ’ਤੇ ਸੁਣਵਾਈ ਦੀ ਸਹਿਮਤੀ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਕੇਂਦਰ ਸਰਕਾਰ ਛੇਤੀ ਇਹ ਦਰਜਾ ਬਹਾਲ ਕਰੇਗੀ। ਧਾਰਾ 370 ਰੱਦ ਕਰਨ ਖ਼ਿਲਾਫ਼ ਵਿਧਾਨ ਸਭਾ ’ਚ ਮਤਾ ਪੇਸ਼ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਫਾਰੂਕ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਦਲੀਲਾਂ ਦੇਣ ਲਈ ਅਦਾਲਤ ਦਾ ਮੁੜ ਤੋਂ ਰੁਖ਼ ਕਰਨਾ ਪਵੇਗਾ। ਲਾਲ ਚੌਕ ਦੇ ਆਪਣੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਸੜਕਾਂ ’ਤੇ ਕੋਈ ਵੀ ਵੀਆਈਪੀ ਸੱਭਿਆਚਾਰ ਨਹੀਂ ਹੋਵੇਗਾ ਅਤੇ ਲੋਕਾਂ ਦਾ ਸਾਇਰਨਾਂ ਦੀਆਂ ਆਵਾਜ਼ਾਂ ਤੋਂ ਖਹਿੜਾ ਛੁੱਟਣਾ ਚਾਹੀਦਾ ਹੈ।