ਸੀ. ਆਈ. ਏ. ਸਟਾਫ ਇਕ ਦੀ ਹਿਰਾਸਤ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ

ਸੀ. ਆਈ. ਏ. ਸਟਾਫ ਇਕ ਦੀ ਹਿਰਾਸਤ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ
ਬਠਿੰਡਾ : ਸੀ. ਆਈ. ਏ. ਸਟਾਫ ਇਕ ਦੀ ਹਿਰਾਸਤ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ’ਤੇ ਕੁੱਟ-ਕੁੱਟ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੇ ਦੋਸ਼ ਲਾਏ ਹਨ। ਹਾਲਾਂਕਿ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ’ਚ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਪਰ ਸਿਵਲ ਹਸਪਤਾਲ ’ਚ ਪਹੁੰਚੇ ਮ੍ਰਿਤਕ ਨੌਜਵਾਨ ਭਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਲਈ ਸੀਆਈਏ ਸਟਾਫ ਦੀ ਪੁਲਿਸ ਨੂੰ ਜ਼ਿੰਮੇਵਾਰ ਦੱਸਿਆ ਹੈ। ਮ੍ਰਿਤਕ ਨੌਜਵਾਨ ਦੀ ਭਰਜਾਈ ਸੰਦੀਪ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਸੀਆਈਏ ਸਟਾਫ ਦੀ ਪੁਲਿਸ ਨੇ ਪਿੰਡ ਲੱਖੀ ਜੰਗਲ ਦੇ ਨਾਲ ਕੋਠਿਆਂ ’ਚੋਂ ਭਿੰਦਰ ਸਿੰਘ ਨੂੰ ਹਿਰਾਸਤ ’ਚ ਲਿਆ ਸੀ। ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਨੂੰ ਉਸ ਨੂੰ ਸੀਆਈਏ ਸਟਾਫ ’ਚ ਰੱਖਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਦੱਸਿਆ ਕਿ ਭਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਪੀੜਤ ਸੰਦੀਪ ਕੌਰ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਕੋਲ ਗਏ ਤਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਭਿੰਦਰ ਸਿੰਘ ਨੂੰ ਲੈ ਕੇ ਜਾ ਰਹੇ ਸੀ ਕਿ ਉਸਨੇ ਥਰਮਲ ਪਲਾਂਟ ਦੀ ਝੀਲ ’ਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਪੀੜਤਾਂ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਨੂੰ ਇਸ ਮਾਮਲੇ ’ਚ ਕੋਈ ਰਾਹ ਨਹੀਂ ਦੇ ਰਹੀ ਅਤੇ ਸਮਝੌਤੇ ਲਈ ਦਬਾਅ ਬਣਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਸੀਆਈਏ-1 ਦੀ ਪੁਲਿਸ ਨੇ ਦਾਣਾ ਮੰਡੀ ਤੋਂ ਉਸ ਦੇ ਲੜਕੇ ਨੂੰ ਚੁੱਕ ਲਿਆ। ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਰਾਤ 10 ਵਜੇ ਪੁਲਿਸ ਉਸ ਦੇ ਘਰ ਆਈ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ। ਜਦੋਂ ਤਲਾਸ਼ੀ ਦੌਰਾਨ ਕੁਝ ਨਾ ਮਿਲਿਆ ਤਾਂ ਉਹ ਉਸ ਨੂੰ ਧਮਕੀ ਦੇ ਕੇ ਉੱਥੋਂ ਚਲੇ ਗਏ।
