ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਮਾਮਲੇ ’ਚ ਹਰਿਆਣਾ ਤੋਂ ਬਿਸ਼ਨੋਈ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 17 October, 2024, 04:17 PM

ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਮਾਮਲੇ ’ਚ ਹਰਿਆਣਾ ਤੋਂ ਬਿਸ਼ਨੋਈ ਗਰੋਹ ਦਾ ਮੈਂਬਰ ਗ੍ਰਿਫ਼ਤਾਰ
ਮੁੰਬਈ : ਬੌਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੇ ਸਬੰਧ ਵਿੱਚ ਨਵੀਂ ਮੁੰਬਈ ਪੁਲੀਸ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸੁੱਖਾ ਉਰਫ਼ ਸੁਖਬੀਰ ਸਿੰਘ ਨੂੰ ਪਨਵੇਲ ਟਾਊਨ ਪੁਲੀਸ (ਨਵੀਂ ਮੁੰਬਈ) ਦੀ ਇਕ ਟੀਮ ਨੇ ਬੁੱਧਵਾਰ ਨੂੰ ਹਰਿਆਣਾ ਦੇ ਪਾਣੀਪਤ ਤੋਂ ਕਾਬੂ ਕੀਤਾ। ਅਧਿਕਾਰੀ ਨੇ ਕਿਹਾ ਕਿ ਸੁਖਬੀਰ ਨੇ ਬਿਸ਼ਨੋਈ ਗਰੋਹ ਦੇ ਮੈਂਬਰਾਂ ਨੂੰ ਖਾਨ ਨੂੰ ਕਥਿਤ ਤੌਰ ’ਤੇ ਮਾਰਨ ਦੀ ਸੁਪਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਪਾਕਿਸਤਾਨ ਵਿੱਚ ਬੈਠੇ ਆਪਣੇ ਕਥਿਤ ਸਰਗਨਾ ਡੋਗਰ ਦੇ ਸੰਪਰਕ ਵਿੱਚ ਸੀ। ਅਧਿਕਾਰੀ ਨੇ ਕਿਹਾ ਕਿ ਸਿੰਘ ਨੇ ਬਿਸ਼ਨੋਈ ਗਰੋਹ ਦੇ ਮੈਂਬਰਾਂ ਨਾਲ ਮਿਲ ਕੇ ਸਲਮਾਨ ਖਾਨ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਏਕੇ-47, ਐੱਮ16 ਅਤੇ ਏਕੇ92 ਵਰਗੇ ਹਥਿਆਰਾਂ ਦਾ ਇਸਤੇਮਾਲ ਕਰਨ ਦੀ ਯੋਜਨਾ ਬਣਾਈ ਸੀ। ਪੁਲੀਸ ਨੇ ਕਿਹਾ ਕਿ ਉਸ ਨੂੰ ਨਵੀਂ ਮੁੰਬਈ ਲਿਆਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੀਂ ਮੁੰਬਈ ਪੁਲੀਸ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਸੁਖਬੀਰ ਸਿੰਘ ਕੋਲੋਂ ਪੁੱਛ ਪੜਤਾਲ ਕਰੇਗੀ।