ਬੀ. ਐਸ. ਐਫ. ਦੀ 113 ਬਟਾਲੀਅਨ ਨੇ ਕੀਤਾ ਨੌਜਵਾਨ ਕੋਲੋਂ ਹੈਰੋਇਨ ਦਾ ਪੈਕੇਟ ਬਰਾਮਦ

ਬੀ. ਐਸ. ਐਫ. ਦੀ 113 ਬਟਾਲੀਅਨ ਨੇ ਕੀਤਾ ਨੌਜਵਾਨ ਕੋਲੋਂ ਹੈਰੋਇਨ ਦਾ ਪੈਕੇਟ ਬਰਾਮਦ
ਡੇਰਾ ਬਾਬਾ ਨਾਨਕ : ਬਾਰਡਰ ਸਕਿਓਰਿਟੀ ਫੋਰਸ (ਬੀ. ਐਸ. ਐਫ.) ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ. ਐਸ. ਐਫ. ਦੀ 113 ਬਟਾਲੀਅਨ ਦੇ ਜਵਾਨਾਂ ਵੱਲੋਂ ਸਰਹੱਦ ਨੇੜਿਓਂ ਫੜੇ ਗਏ ਦੋ ਸ਼ੱਕੀ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰਨ `ਤੇ ਸਰਚ ਅਭਿਆਨ ਦੌਰਾਨ ਇੱਕ ਪੈਕਟ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੀ 113 ਬਟਾਲੀਅਨ ਹੈਡਕੁਆਟਰ ਸ਼ਿਕਾਰ ਮਾਛੀਆਂ ਦੇ ਜਵਾਨਾਂ ਵੱਲੋਂ ਬੁੱਧਵਾਰ ਨੂੰ ਘੋਨੇਵਾਲਾ ਨੇੜੇ ਰਾਵੀ ਦਰਿਆ ਦੇ ਕਿਨਾਰੇ `ਤੇ ਘੁੰਮਦੇ ਦੋ ਸ਼ੱਕੀ ਨੌਜਵਾਨਾਂ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਕਾਬੂ ਕੀਤਾ ਗਿਆ ਸੀ। ਜਿਨ੍ਹਾਂ ਦੀ ਪਛਾਣ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਸੱਰਜੇ ਚੱਕ ਦੇ ਨੌਜਵਾਨਾਂ ਵਜੋਂ ਹੋਈ ਸੀ ਅਤੇ ਉਕਤ ਨੌਜਵਾਨਾਂ ਨੂੰ ਬੀਐਸਐਫ ਵੱਲੋਂ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ। ਇਸ ਉਪਰੰਤ ਕੀਤੀ ਗਈ ਜਾਂਚ ਪੜਤਾਲ ਦੌਰਾਨ ਉਕਤ ਨੌਜਵਾਨਾਂ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੇ ਗਏ ਹੈਰੋਇਨ ਦੀ ਪੈਕਟ ਨੂੰ ਉਹ ਚੁੱਕਣ ਆਏ ਸਨ ਕਿ ਵੀਰਵਾਰ ਨੂੰ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਸਰਚ ਅਭਿਆਨ ਦੌਰਾਨ ਇੱਕ ਪੈਕਟ ਹੈਰੋਇਨ ਬਰਾਮਦ ਕੀਤੀ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਫੜੇ ਗਏ ਨੌਜਵਾਨਾਂ ਵੱਲੋਂ ਇੱਕ ਮੋਬਾਈਲ ਫੋਨ ਨੂੰ ਰਾਵੀ ਦਰਿਆ ਵਿੱਚ ਵੀ ਸੁੱਟ ਦਿੱਤਾ ਗਿਆ ਜਿਸ ਦੀ ਬੀਐਸਐਫ ਦੇ ਜਵਾਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ।
