14 ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਬੈਠੇ ਈ. ਟੀ. ਟੀ. 5994 ਭਰਤੀ ਦੇ ਦੋ ਉਮੀਦਵਾਰਾਂ ਖੂਨ ਨਾਲ ਪੱਤਰ ਲਿਖ ਕੀਤੀ ਨਿਯੁਕਤੀ ਪੱਤਰ ਜਾਰੀ ਕਰਨ ਮੰਗ

ਦੁਆਰਾ: Punjab Bani ਪ੍ਰਕਾਸ਼ਿਤ :Friday, 18 October, 2024, 09:12 AM

14 ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਬੈਠੇ ਈ. ਟੀ. ਟੀ. 5994 ਭਰਤੀ ਦੇ ਦੋ ਉਮੀਦਵਾਰਾਂ ਖੂਨ ਨਾਲ ਪੱਤਰ ਲਿਖ ਕੀਤੀ ਨਿਯੁਕਤੀ ਪੱਤਰ ਜਾਰੀ ਕਰਨ ਮੰਗ
ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਦੇ ਪਿੰਡ ਗੰਭੀਰਪੁਰ ਵਿਖੇ 14 ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਬੈਠੇ ਈਟੀਟੀ 5994 ਭਰਤੀ ਦੇ ਦੋ ਉਮੀਦਵਾਰਾਂ ਨੇ ਆਪਣੇ ਖੂਨ ਨਾਲ ਪੱਤਰ ਲਿਖ ਕੇ ਨਿਯੁਕਤੀ ਪੱਤਰ ਜਾਰੀ ਕਰਨ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਦੋ ਉਮੀਦਵਾਰ ਆਦਰਸ਼ ਅਬੋਹਰ ਤੇ ਅਨਮੋਲ ਬੱਲੂਆਣਾ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਜੁਆਇਨਿੰਗ ਦੀ ਮੰਗ ਨੂੰ ਲੈ ਕੇ ਟੈਂਕੀ ਉਪਰ ਬੈਠੇ ਹਨ ਜਿਸ ਦੌਰਾਨ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਇਸ ਦੇ ਨਾਲ ਹੀ ਪਿਛਲੇ 19 ਦਿਨਾਂ ਤੋਂ ਰੋਸ ਧਰਨਾ ਵੀ ਜਾਰੀ ਹੈ। ਆਗੂਆਂ ਨੇ ਆਖਿਆ ਕਿ ਖੂਨ ਨਾਲ ਲਿਖਿਆ ਪੱਤਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਐੱਸਡੀਐੱਮ ਸ੍ਰੀ ਆਨੰਦਪੁਰ ਸਾਹਿਬ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਉਕਤ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ-ਪਹਿਲਾਂ ਉਮੀਦਵਾਰਾਂ ਨੂੰ ਸਕੂਲਾਂ ਵਿਚ ਜੁਆਇਨ ਕਰਵਾਏ। ਇਹ ਉਮੀਦਵਾਰ ਪਿਛਲੇ ਡੇਢ ਸਾਲ ਤੋਂ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ ਪਰ ਪੰਜਾਬ ਸਰਕਾਰ ਜਾਣਬੁੱਝ ਕੇ ਡੰਗਟਪਾਊ ਨੀਤੀ ਤਹਿਤ ਕੰਮ ਕਰਦੀ ਹੋਈ ਆਏ ਦਿਨ ਲਾਰੇ ਤੇ ਲਾਰਾ ਲਗਾ ਰਹੀ ਹੈ । ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬਲਿਹਾਰ ਸਿੰਘ, ਬੰਟੀ ਕੰਬੋਜ, ਕੁਲਵਿੰਦਰ ਬਰੇਟਾ, ਅਸ਼ੋਕ ਬਾਵਾ, ਹਰੀਸ਼ ਫਾਜ਼ਿਲਕਾ ਤੇ ਪ੍ਰਗਟ ਬੋਹਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਖੂਨ ਦੀ ਪਿਆਸੀ ਹੋ ਚੁੱਕੀ ਹੈ। ਪੰਜਾਬ ਵਿਚ ਨੌਜਵਾਨ ਟੈਂਕੀਆਂ ’ਤੇ ਬੈਠ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਦੇ ਨਸ਼ੇ ਵਿੱਚ ਐਨੇ ਕੁ ਚੂਰ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕੋਈ ਵੀ ਦਿਖਾਈ ਨਹੀ ਦਿੰਦਾ। ਇਹ ਉਹੀ ਮੁੱਖ ਮੰਤਰੀ ਹਨ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਸਰਕਾਰ ਬਣਨ ’ਤੇ ਕਿਸੇ ਵੀ ਤਰਾਂ ਦਾ ਧਰਨਾ ਪ੍ਰਦਰਸ਼ਨ ਨਾ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੇ ਸਨ ਪਰ ਅੱਜ ਸਭ ਕੁਝ ਉਲਟ ਰਿਹਾ ਹੈ। ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸਭ ਤੋਂ ਵੱਧ ਧਰਨੇ ਪ੍ਰਦਰਸ਼ਨ ਪੰਜਾਬ ਅੰਦਰ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਟਾਲ-ਮਟੋਲ ਦੀ ਨੀਤੀ ਬੰਦ ਨਾ ਕੀਤੀ ਤਾਂ ਜਥੇਬੰਦੀ ਵੱਲੋਂ ਲਗਾਤਾਰ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ, ਕੈਬਨਿਟ ਮੰਤਰੀਆਂ ਸਮੇਤ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਸਕੂਲਾਂ ਵਿੱਚ ਜੁਆਇਨ ਨਹੀ ਕਰਵਾਉਂਦੀ, ਉਦੋਂ ਤੱਕ ਦੋਨੋਂ ਉਮੀਦਵਾਰ ਟੈਂਕੀ ’ਤੇ ਬੈਠੇ ਰਹਿਣਗੇ ਤੇ ਟੈਂਕੀ ਹੇਠ ਰੋਸ ਧਰਨਾ ਜਾਰੀ ਰਹੇਗਾ।