ਪ੍ਰੇਮੀ ਨੇ ਪ੍ਰੇਮਿਕਾ ਨੂੰ ਮਾਰ ਤਾ ਸਾੜ ਕੇ

ਪ੍ਰੇਮੀ ਨੇ ਪ੍ਰੇਮਿਕਾ ਨੂੰ ਮਾਰ ਤਾ ਸਾੜ ਕੇ
ਆਂਧਰਾ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ ਦੇ ਬਡਵੇਲ ’ਚ ਇਕ 16 ਸਾਲ ਦੀ ਕੁੜੀ ਨੂੰ ਉਸ ਦੇ ਸਾਬਕਾ ਪ੍ਰੇਮੀ ਨੇ ਕਥਿਤ ਤੌਰ ’ਤੇ ਸਾੜ ਕੇ ਮਾਰ ਦਿਤਾ। ਪੁਲਿਸ ਸੂਤਰਾਂ ਨੇ ਦਸਿਆ ਕਿ ਵਿਅਕਤੀ ਨੇ ਕੁੱਝ ਮਹੀਨੇ ਪਹਿਲਾਂ ਨਾਬਾਲਗ ਨਾਲ ਰਿਸ਼ਤਾ ਤੋੜ ਲਿਆ ਸੀ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ ਸੀ। ਪੁਲਿਸ ਸੂਤਰਾਂ ਨੇ ਦਸਿਆ ਕਿ ਮੁਲਜ਼ਮ ਜੇ. ਵਿਗਨੇਸ਼ ਨੇ ਕਡਾਪਾ ਜ਼ਿਲ੍ਹੇ ਦੇ ਬਡਵੇਲ ਦੇ ਬਾਹਰੀ ਇਲਾਕੇ ’ਚ ਨਾਬਾਲਗ ਨੂੰ ਕਥਿਤ ਤੌਰ ’ਤੇ ਪਟਰੌਲ ਪਾ ਕੇ ਅੱਗ ਲਾ ਦਿਤੀ।ਮਾਈਦੁਕੁਰੂ ਦੇ ਸਬ-ਡਵੀਜ਼ਨਲ ਪੁਲਿਸ ਅਧਿਕਾਰੀ ਰਾਜੇਂਦਰ ਪ੍ਰਸਾਦ ਨੇ ਦਸਿਆ ਕਿ ਵਿਗਨੇਸ਼ ਨੇ ਸਨਿਚਰਵਾਰ ਸਵੇਰੇ ਕਰੀਬ 10 ਵਜੇ ਨਾਬਾਲਗ ਨੂੰ ਅੱਗ ਲਾ ਦਿਤੀ, ਜਿਸ ਤੋਂ ਬਾਅਦ ਪੀੜਤ ਨੂੰ ਕਡਾਪਾ ਦੇ ਰਿਮਸ ਹਸਪਤਾਲ ਲਿਜਾਇਆ ਗਿਆ ਪਰ ਐਤਵਾਰ ਤੜਕੇ ਕਰੀਬ 3 ਵਜੇ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਵਿਗਨੇਸ਼ ਅਤੇ ਲੜਕੀ ਦਾ ਰਿਸ਼ਤਾ ਸੀ ਪਰ ਵਿਗਨੇਸ਼ ਨੇ ਉਸ ਨਾਲ ਰਿਸ਼ਤਾ ਤੋੜ ਲਿਆ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ।ਲੜਕੀ ਨੇ ਛੇ ਮਹੀਨੇ ਪਹਿਲਾਂ ਵਿਗਨੇਸ਼ ਨਾਲ ਗੱਲ ਕੀਤੀ ਸੀ ਅਤੇ ਉਸ ਨੂੰ ਉਸ ਨਾਲ ਵਿਆਹ ਕਰਨ ਲਈ ਕਿਹਾ ਸੀ। ਵਿਗਨੇਸ਼ ਨੇ ਉਸ ਦੀ ਮੰਗ ਤੋਂ ਤੰਗ ਆ ਕੇ ਉਸ ਨੂੰ ਅੱਗ ਲਾ ਦਿਤੀ। ਪੁਲਿਸ ਨੇ ਦਸਿਆ ਕਿ ਵਿਗਨੇਸ਼ ’ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿਗਨੇਸ਼ ਫਰਾਰ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਘਟਨਾ ਦਸਿਆ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਦੋਸ਼ੀ ਵਿਅਕਤੀ ਨੂੰ ਸਖਤ ਸਜ਼ਾ ਯਕੀਨੀ ਬਣਾਉਣ ਲਈ ਜਾਂਚ ਤੇਜ਼ੀ ਨਾਲ ਮੁਕੰਮਲ ਕਰਨ ਦੇ ਹੁਕਮ ਵੀ ਦਿਤੇ।
