ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਨਸ਼ੇ ਵਿਰੁੱਧ ਕਰਾਇਆ ਸੈਮੀਨਾਰ

ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਨਸ਼ੇ ਵਿਰੁੱਧ ਕਰਾਇਆ ਸੈਮੀਨਾਰ
ਪਟਿਆਲਾ, 21 ਅਕਤੂਬਰ : ਜ਼ਿਲ੍ਹਾ ਯੂਥ ਅਫ਼ਸਰ ਪਟਿਆਲਾ ਵੀਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਤੋਂ ਦੂਰ ਕਰਨ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿੱਚ ਜ਼ਿਲ੍ਹਾ ਯੂਥ ਅਫ਼ਸਰ ਵੀਰ ਦੀਪ ਕੌਰ ਨੇ ਆਈਆਂ ਹੋਈਆਂ ਸਮੂਹ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਜੀ ਆਇਆ ਆਖਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਕੇ ਸਿੱਖਿਅਤ ਕਰਨਾ ਅਤੇ ਉਹਨਾਂ ਰਾਹੀਂ ਸਮਾਜ ਨੂੰ ਸੇਧ ਦਵਾਉਣੀ ਹੈ ਇਸ ਸੈਮੀਨਾਰ ਵਿੱਚ ਡਾਕਟਰ ਜਸਵਿੰਦਰ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਪਟਿਆਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਹਿੱਤ ਪ੍ਰੇਰਿਤ ਕੀਤਾ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਉਹਨਾਂ ਨੇ ਦੱਸਿਆ ਕਿ ਨਸ਼ਾ ਕਿਸ ਤਰ੍ਹਾਂ ਇੱਕ ਲੱਤ ਬਣ ਜਾਂਦਾ ਹੈ ਅਤੇ ਜੋ ਸਮਾਜ ਲਈ ਕਲੰਕ ਹੋ ਨਿੱਬੜਦਾ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਡਾ. ਦਿਲਵਰ ਸਿੰਘ ਬੱਚਿਆਂ ਨੂੰ ਤੋਂ ਦੂਰ ਰਹਿਣ ਲਈ ਸਹੁੰ ਚੁੱਕਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸ਼ਹਿਰਾਂ ਅਤੇ ਪਿੰਡਾਂ ਵਿਚ ਜਾਗਰੂਕਤਾ ਫਲਾਉਣ ਲਈ ਸੇਧ ਦਿੱਤੀ ।
ਇਸ ਮੌਕੇ ਸ੍ਰੀ ਮਹਿੰਦਰ ਪਾਲ ਸਿੰਘ ਕੌਂਸਲਰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਨੌਜਵਾਨਾਂ ਨੂੰ ਬਤੌਰ ਇੱਕ ਰਾਜਦੂਤ ਆਪਣੇ ਸਮਾਜ ਨੂੰ ਨਸ਼ੇ ਦੀ ਲੱਤ ਤੋਂ ਬਚਾਉਣ ਹਿੱਤ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ। ਸ੍ਰੀ ਅੰਮ੍ਰਿਤਪਾਲ ਸਿੰਘ ਸਾਕੇਤ ਹਸਪਤਾਲ ਪਟਿਆਲਾ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਚਾਰ ਚੁਫੇਰੇ ਜਾਗਰੂਕਤਾ ਫੈਲਾਉਣ ਹਿੱਤ ਉਤਸ਼ਾਹਿਤ ਕੀਤਾ ਇਸ ਮੌਕੇ ਸਟੇਜ ਸੰਚਾਲਨ ਯੂਨੀਵਰਸਿਟੀ ਦੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਅਤੇ ਸਹਾਇਕ ਪ੍ਰੋਫੈਸਰ ਡਾਕਟਰ ਹਰਜੋਤ ਕੌਰ ਨੇ ਕੀਤਾ।
ਇਸ ਮੌਕੇ ਬੁਲਾਰਿਆਂ ਅਤੇ ਵਿਦਿਆਰਥੀਆਂ ਵਿਚਕਾਰ ਪ੍ਰਸ਼ਨ ਉੱਤਰ ਸੈਸ਼ਨ ਬਹੁਤ ਹੀ ਰੋਚਕ ਰਿਹਾ ਜਿਸ ਵਿੱਚ ਵਿਦਿਆਰਥੀਆਂ ਨੇ ਨਸ਼ੇ ਸਬੰਧੀ ਅਨੇਕਾਂ ਸਵਾਲ ਬੁਲਾਰਿਆਂ ਤੋਂ ਪੁੱਛੇ ਅਤੇ ਜਿਨ੍ਹਾਂ ਦਾ ਢੁਕਵਾਂ ਜਵਾਬ ਬੁਲਾਰਿਆਂ ਵੱਲੋਂ ਦਿੱਤਾ ਗਿਆ ਅੰਤ ਵਿੱਚ ਯੂਨੀਵਰਸਿਟੀ ਦੇ ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਡਾਕਟਰ ਸਨਮਾਨ ਕੌਰ ਨੇ ਆਈਆਂ ਹੋਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਯੂਨੀਵਰਸਿਟੀ ਵੱਲੋਂ ਧੰਨਵਾਦ ਕੀਤਾ । ਇਸ ਮੌਕੇ ਸ੍ਰੀ ਰੁਪਿੰਦਰ ਸਿੰਘ ਸ੍ਰੀ ਮਨਿੰਦਰ ਸਿੰਘ ਸ੍ਰੀ ਮਲਕੀਤ ਸਿੰਘ ਸ੍ਰੀ ਸੁਖਵਿੰਦਰ ਸਿੰਘ ਅਤੇ ਸ੍ਰੀ ਪਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ।
