ਜ਼ਿਲ੍ਹਾ ਸੰਕਟਕਾਲੀਨ ਗਰੁੱਪ ਦੀ ਮੀਟਿੰਗ ਦੌਰਾਨ ਸੰਕਟਕਾਲੀਨ ਹਾਲਾਤਾਂ ਨਾਲ ਨਜਿੱਠਣ ਬਾਰੇ ਵਿਚਾਰ ਵਟਾਂਦਰਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 19 October, 2024, 04:11 PM

ਜ਼ਿਲ੍ਹਾ ਸੰਕਟਕਾਲੀਨ ਗਰੁੱਪ ਦੀ ਮੀਟਿੰਗ ਦੌਰਾਨ ਸੰਕਟਕਾਲੀਨ ਹਾਲਾਤਾਂ ਨਾਲ ਨਜਿੱਠਣ ਬਾਰੇ ਵਿਚਾਰ ਵਟਾਂਦਰਾ
ਡਿਪਟੀ ਡਾਇਰੈਕਟਰ ਫੈਕਟਰੀਜ਼ ਨੇ ਟੀਮਾਂ ਨੂੰ ਹਰ ਵੇਲੇ ਚੌਕਸ ਰਹਿਣ ਦਾ ਦਿੱਤਾ ਸੱਦਾ
ਸੰਗਰੂਰ, 19 ਅਕਤੂਬਰ : ਕਿਸੇ ਵੀ ਤਰ੍ਹਾਂ ਦੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ ‘ਤੇ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਜ਼ਿਲ੍ਹਾ ਸੰਕਟਕਾਲੀਨ ਗਰੁੱਪ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਨੇ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਦੇ ਸਮੂਹ ਕੈਮੀਕਲ ਦੀ ਵਰਤੋਂ ਕਰਨ ਵਾਲੇ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਨਿਯਮਤ ਤੌਰ ‘ਤੇ ਅਜਿਹੀ ਮੀਟਿੰਗ ਕੀਤੀ ਜਾਂਦੀ ਹੈ ਤਾਂ ਜੋ ਰਸਾਇਣਕ ਦੁਰਘਟਨਾਵਾਂ ਵਾਪਰਨ ਦੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਵਿਭਾਗਾਂ ਤੇ ਸਬੰਧਤ ਅਦਾਰੇ ਵਿੱਚ ਤਾਲਮੇਲ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਘਟਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ । ਇਸ ਮੌਕੇ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਅਗਲੇ ਮਹੀਨਿਆਂ ਦੌਰਾਨ ਇੰਡੀਅਨ ਆਇਲ ਵਿਖੇ ਆਫ ਸਾਈਟ ਮੌਕ ਡਰਿੱਲ ਕਰਵਾਈ ਜਾਵੇ ਤਾਂ ਜੋ ਅਭਿਆਸੀ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ । ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਇੰਜ: ਸਾਹਿਲ ਗੋਇਲ ਨੇ ਦੱਸਿਆ ਕਿ ਇਸ ਵਿੱਚ ਪੁਲਿਸ, ਸਿਹਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਨ੍ਹਾਂ ਵਿਭਾਗਾਂ ਨੂੰ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਹਰ ਵੇਲੇ ਚੌਕਸ ਰਹਿਣ ਦੀ ਲੋੜ ਹੈ | ਮੀਟਿੰਗ ਦੌਰਾਨ ਕੈਮੀਕਲ ਐਕਸੀਡੈਂਟ ਰੂਲਜ਼ 1996 (ਐਮਰਜੈਂਸੀ, ਯੋਜਨਾਵਾਂ, ਤਿਆਰੀ ਅਤੇ ਤੁਰੰਤ ਕਾਰਵਾਈ) ਬਾਰੇ ਵੀ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਦੌਰਾਨ ਜਲ ਸਪਲਾਈ ਵਿਭਾਗ, ਫਾਇਰ ਬ੍ਰਿਗੇਡ, ਟਰਾਂਸਪੋਰਟ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਐਚ.ਪੀ.ਸੀ.ਐਲ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਇੰਡੀਅਨ ਐਕਰੀਲਿਕਸ ਲਿਮਟਿਡ ਦੇ ਨੁਮਾਇੰਦੇ ਵੀ ਹਾਜ਼ਰ ਸਨ ।