288 ਮਹਾਰਾਸ਼ਟਰ ਅਸੈਂਬਲੀ ਲਈ ਭਾਜਪਾ ਨੇ ਕੀਤੀ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
288 ਮਹਾਰਾਸ਼ਟਰ ਅਸੈਂਬਲੀ ਲਈ ਭਾਜਪਾ ਨੇ ਕੀਤੀ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਨਵੀਂ ਦਿੱਲੀ : ਭਾਜਪਾ ਨੇ 288 ਮੈਂਬਰੀ ਮਹਾਰਾਸ਼ਟਰ ਅਸੈਂਬਲੀ ਲਈ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਉਨ੍ਹਾਂ ਦੀ ਰਵਾਇਤੀ ਨਾਗਪੁਰ ਦੱਖਣ ਪੱਛਮੀ ਸੀਟ ਤੋਂ ਮੈਦਾਨ ਵਿਚ ਉਤਾਰਿਆ ਹੈ। ਪਹਿਲੀ ਸੂਚੀ ਵਿਚ ਮੁੰਬਈ ਭਾਜਪਾ ਦੇ ਪ੍ਰਧਾਨ ਆਸ਼ੀਸ਼ ਸੇਲਾਰ (ਵਾਂਦਰੇ ਪੱਛਮੀ ਸੀਟ) ਤੇ ਸੀਨੀਅਰ ਪਾਰਟੀ ਆਗੂ ਤੇ ਲੋਕ ਸਭਾ ਮੈਂਬਰ ਨਰਾਇਣ ਰਾਣੇ ਦੇ ਪੁੱਤਰ ਨਿਤੇਸ਼ ਰਾਣੇ (ਕੰਕਾਵਲੀ) ਦਾ ਨਾਮ ਵੀ ਸ਼ਾਮਲ ਹੈ। ਭਾਜਪਾ ਨੇ ਮਹਾਰਾਸ਼ਟਰ ਦੇ ਪ੍ਰਧਾਨ ਚੰਦਰਸ਼ੇਖਰ ਬਵਾਨਕੁਲੇ ਨੂੰ ਕਾਮਤੀ, ਸਾਬਕਾ ਸੂਬਾਈ ਪ੍ਰਧਾਨ ਚੰਦਰਕਾਂਤ ਪਾਟਿਲ ਨੂੰ ਕੋਥਰੁਡ ਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੀ ਧੀ ਸ੍ਰੀਜਯਾ ਚਵਾਨ ਨੂੰ ਭੋਕਾਰ ਤੋਂ ਟਿਕਟ ਦਿੱਤੀ ਹੈ। ਭਾਜਪਾ ਐਤਕੀਂ ਮਹਾਰਾਸ਼ਟਰ ਅਸੈਂਬਲੀ ਦੀਆਂ 150 ਸੀਟਾਂ ਉੱਤੇ ਚੋਣ ਲੜਨ ਦੀ ਚਾਹਵਾਨ ਹੈ ਤੇ ਪਾਰਟੀ ਵੱਲੋਂ ਆਪਣੇ ਭਾਈਵਾਲਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਧੜੇ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੇ ਐੱਨਸੀਪੀ ਧੜੇ ਨਾਲ ਗੱਲਬਾਤ ਜਾਰੀ ਹੈ।