ਵਿਸ਼ਵ ਓਸਟੀਉਪ੍ਰੋਸਿਸ ਦਿਵਸ ਮੌਕੇ ਜਨ ਹਿੱਤ ਸੰਮਤੀ ਵੱਲੋਂ ਮੈਡੀਕਲ ਕੈਂਪ ਲਗਾਉਣਾ ਸ਼ਲਾਘਾਯੋਗ: ਡਾ. ਬਲਬੀਰ ਸਿੰਘ, ਡਾ. ਧਰਮਵੀਰ ਗਾਂਧੀ

ਦੁਆਰਾ: Punjab Bani ਪ੍ਰਕਾਸ਼ਿਤ :Sunday, 20 October, 2024, 04:10 PM

ਵਿਸ਼ਵ ਓਸਟੀਉਪ੍ਰੋਸਿਸ ਦਿਵਸ ਮੌਕੇ ਜਨ ਹਿੱਤ ਸੰਮਤੀ ਵੱਲੋਂ ਮੈਡੀਕਲ ਕੈਂਪ ਲਗਾਉਣਾ ਸ਼ਲਾਘਾਯੋਗ: ਡਾ. ਬਲਬੀਰ ਸਿੰਘ, ਡਾ. ਧਰਮਵੀਰ ਗਾਂਧੀ
ਪਟਿਆਲਾ, 20 ਅਕਤੂਬਰ : ਪਟਿਆਲਾ ਆਰਥੋਪੇਡਿਕ ਸੋਸਾਇਟੀ ਵੱਲੋਂ ਆਈ ਐਮ ਏ ਅਤੇ ਜਨਹਿਤ ਸਮਿਤੀ ਪਟਿਆਲਾ ਨਾਲ ਮਿਲ ਕੇ ਵਿਸ਼ਵ ਓਸਟੀਉਪ੍ਰੋਸਿਸ ਦਿਵਸ ਚਿਲਡਰਨਜ਼ ਪਾਰਕ ਬਾਰਾਂਦਰੀ ਵਿਖੇ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਹੱਡੀਆਂ ਦੀਆ ਬਿਮਾਰੀਆਂ ਬਾਰੇ ਚਰਚਾ ਅਤੇ ਟੈੱਸਟ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕੀਤੀ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਆਰਥੋਪੇਡਿਕ ਸੰਸਥਾ ਨੂੰ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਮੁਬਾਰਕਾਂ ਦਿੱਤੀਆਂ ਉਨ੍ਹਾਂ ਵੱਲੋਂ ਆਈ ਐਮ ਏ ਪਟਿਆਲਾ ਅਤੇ ਜਨਹਿਤ ਸਮਿਤੀ ਨੂੰ ਇਸ ਪ੍ਰੋਗਰਾਮ ਵਿਚ ਸਹਿਯੋਗ ਦੇਣ ਲਈ ਵੀ ਸੰਸਥਾ ਸ਼ਲਾਘਾ ਕੀਤੀ । ਉਨ੍ਹਾਂ ਦੱਸਿਆ ਕਿ ਅਸੀਂ ਜੇਕਰ ਆਪਣੇ ਸਰੀਰ ਨੂੰ ਕੁਝ ਸਮਾਂ ਸੈਰ ਅਤੇ ਯੋਗਾ ਕਰਨ ਲਈ ਸਮਾ ਦੇਈਏ ਤਾਂ ਅਸੀਂ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਰੀਰ ਦਾ ਤੰਦਰੁਸਤ ਰਹਿਣਾ ਸਾਨੂੰ ਸਕਾਰਾਤਮਿਕ ਜ਼ਿੰਦਗੀ ਜਿਊਣ ਵਿਚ ਮਦਦ ਕਰਦਾ ਹੈ।
ਇਸ ਮੌਕੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸਾਰਿਆ ਨੂੰ ਇਸ ਦਿਨ ‘ਤੇ ਇਕੱਠੇ ਕਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੱਸਿਆ ਕੇ ਸਾਨੂੰ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ‘ਤੇ ਤੰਦਰੁਸਤ ਰਹਿਣ ਦੀ ਜ਼ਰੂਰਤ ਹੈ। ਜੇਕਰ ਅਸੀਂ ਹਰ ਰੋਜ਼ ਸੈਰ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਤੰਦਰੁਸਤ ਰਹਾਂਗੇ। ਉਨ੍ਹਾਂ ਕਿਹਾ ਕਿ ਬਿਮਾਰੀਆਂ ਬਾਰੇ ਜਾਣਕਾਰੀ ਹੋਣਾ ਹੀ ਅਵੇਅਰਨੈੱਸ ਅਤੇ ਤੰਦਰੁਸਤ ਸਰੀਰ ਦੀ ਸ਼ੁਰੂਆਤ ਹੈ। ਸੰਸਦ ਮੈਂਬਰ ਨੇ ਕਿਹਾ ਕਿ ਸਾਨੂੰ ਨਿਯਮਤ ਰੂਪ ਵਿਚ ਆਪਣੇ ਸਰੀਰ ਦਾ ਚੈੱਕਅਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਇਸ ਮੌਕੇ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ਵੱਡੀ ਗਿਣਤੀ ਵਿਚ ਸਪੈਸ਼ਲਿਸਟ ਡਾਕਟਰ ਵੀ ਮੌਜੂਦ ਸਨ। ਇਸ ਮੌਕੇ ਸੰਸਥਾ ਪਟਿਆਲਾ ਆਰਥੋਪੇਡਿਕ ਸੋਸਾਇਟੀ ਦੇ ਪ੍ਰਧਾਨ ਡਾਕਟਰ ਹਰੀ ਓਮ ਅਗਰਵਾਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਦੱਸਿਆ ਕਿ ਸੰਸਥਾ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਬਿਮਾਰੀਆਂ ਬਾਰੇ ਸੁਚੇਤ ਕਰ ਸਕੀਏ। ਉਨ੍ਹਾਂ ਇਸ ਕੈਂਪ ਵਿੱਚ ਸਹਿਯੋਗ ਦੇਣ ਲਈ ਆਈ ਐਮ ਏ ਪਟਿਆਲਾ ਅਤੇ ਜਨਹਿਤ ਸਮਿਤੀ ਦਾ ਧੰਨਵਾਦ ਕੀਤਾ। ਇਸ ਮੌਕੇ ਰੋਹਿਤ ਸਿੰਗਲਾ ਮੀਤ ਪ੍ਰਧਾਨ, ਆਈ ਐਮ ਏ ਪਟਿਆਲਾ ਦੇ ਸਕੱਤਰ ਡਾ. ਸੁਦੀਪ ਗੁਪਤਾ, ਡਾ. ਰੋਹਿਤ ਅਗਰਵਾਲ, ਡਾ. ਭਗਵੰਤ ਸਿੰਘ, ਡਾ. ਧਨਵੰਤ ਸਿੰਘ, ਡਾਕਟਰ ਸੁਧੀਰ ਵਰਮਾ, ਡਾ. ਰਾਕੇਸ਼ ਅਰੋੜਾ, ਡਾ. ਜੇ ਪੀ ਐਸ ਵਾਲੀਆਂ, ਡਾਕਟਰ ਕਲੇਰ, ਡਾਕਟਰ ਉਮੇਸ਼, ਡਾ. ਅਸ਼ਿਸ ਗੁਪਤਾ, ਡਾ. ਪਰਮਜੀਤ, ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਪ੍ਰੈਸ ਸਕੱਤਰ ਜਨ ਹਿੱਤ ਸੰਮਤੀ, ਮੀਤ ਪ੍ਰਧਾਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਰੁਪਿੰਦਰ ਕੌਰ, ਰੁਦਰਪ੍ਰਤਾਪ ਸਿੰਘ ਵੀ ਪਹੁੰਚੇ। ਇਸ ਮੌਕੇ ਪਾਰਕ ਹਸਪਤਾਲ ਪਟਿਆਲਾ ਦੀ ਟੀਮ ਨੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ। ਬੋਨ ਡੇਨਿਸਿਟੀ ਟੈੱਸਟ ਦਾ ਪ੍ਰਬੰਧ ਫਾਰਮੈਡ ਅਤੇ ਟੋਰਨਟ ਫਾਰਮਾ ਵੱਲੋਂ ਮੁਫ਼ਤ ਕੀਤਾ ਗਿਆ। ਇਸ ਮੌਕੇ ਪਟਿਆਲਾ ਦੇ ਕਈ ਗਰੁੱਪਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚ ਫਿਟਨੈੱਸ ਕਲੱਬ, ਫਨ ਆਨ ਵਿਲ਼, ਪਟਿਆਲਾ ਰੋਡੀਜ਼, ਬੋਰਣ ਰਨਰਸ, ਪਟਿਆਲਾ ਬਾਰਾਂਦਰੀ ਗਾਰਡਨ ਅਤੇ ਹੈਲਥ ਅਵੇਅਰਨੈੱਸ ਸੰਸਥਾ ਦੇ ਮੈਂਬਰ ਸ਼ਾਮਲ ਸਨ। ਇਸ ਮੌਕੇ ਸਾਰੇ ਮਹਿਮਾਨਾਂ ਵੱਲੋਂ ਹੱਡੀਆਂ ਦੀ ਸੰਭਾਲ ਲਈ ਸੰਦੇਸ਼ ਦਿੰਦਿਆਂ ਗ਼ੁਬਾਰੇ ਵੀ ਛੱਡੇ ਗਏ। ਪ੍ਰੋਗਰਾਮ ਵਿੱਚ ਇੱਕ ਹੈਲਥ ਵਾਕ ਵੀ ਕਰਵਾਈ ਗਈ। ਜਿਸ ਦਾ ਸੰਚਾਲਨ ਵੱਖੋ ਵੱਖ ਰਨਿੰਗ ਗਰੁੱਪਾਂ ਨੇ ਕੀਤਾ। ਪ੍ਰੋਗਰਾਮ ਉੱਘੇ ਸਮਾਜ ਸੇਵੀ ਅਤੇ ਮੀਤ ਸਕੱਤਰ ਜਗਤਾਰ ਜੱਗੀ ਨੇ ਕੀਤਾ। ਪ੍ਰੋਗਰਾਮ ਦੇ ਅੰਤ ਤੇ ਜਨਹਿਤ ਸਮਿਤੀ ਦੇ ਸਕੱਤਰ ਵਿਨੋਦ ਸ਼ਰਮਾ ਵੱਲੋਂ ਧੰਨਵਾਦ ਕੀਤਾ ਅਤੇ ਪਟਿਆਲਾ ਹਾਫ਼ ਮੈਰਾਥਨ ਦੌੜ ਜੋ ਕਿ 17 ਨਵੰਬਰ ਨੂੰ ਹੋਣ ਜਾ ਰਹੀ ਹੈ ਉਸ ਵਿਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਡਾ. ਬਲਬੀਰ ਸਿੰਘ ਅਤੇ ਡਾ. ਗਾਂਧੀ ਨੇ ਸੰਸਥਾ ਜਨਹਿਤ ਸਮਿਤੀ ਨੂੰ ਸਰਕਾਰ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ।ਇਸ ਦੇ ਨਾਲ ਰਾਇਲ ਕਿਚਨ ਦੇ ਮਾਲਕ ਐਮ ਐਲ ਗਰਗ ਅਤੇ ਹਰੀਸ਼ ਸਿੰਗਲਾ ਨੇ ਵੀ ਸੰਸਥਾ ਨੂੰ ਵਿੱਤੀ ਮਦਦ ਕਰਨ ਲਈ ਕਿਹਾ।