ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਚਾਚੇ ਦੀਆਂ ਵੱਢੀਆਂ ਉਂਗਲਾਂ

ਦੁਆਰਾ: Punjab Bani ਪ੍ਰਕਾਸ਼ਿਤ :Wednesday, 16 October, 2024, 02:12 PM

ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਚਾਚੇ ਦੀਆਂ ਵੱਢੀਆਂ ਉਂਗਲਾਂ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿੱਚ ਬੀਤੀ ਰਾਤ ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਚਾਚੇ ਦੀਆਂ ਤਿੰਨ ਉਂਗਲਾਂ ਵੱਢ ਦਿੱਤੀਆਂ ਅਤੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤਾ, ਜਿਸਨੂੰ ਬਾਅਦ ਵਿਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਪ੍ਰਾਪਤ ਜਾਣਕਾਰੀ ਦਿੰਦਿਆਂ ਜ਼ਖਮੀ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਮੰਗਲਵਾਰ ਦੇਰ ਰਾਤ ਆਪਣੀ ਪਤਨੀ ਚਰਨਜੀਤ ਕੌਰ ਨੂੰ ਪੋਲਿੰਗ ਬੂਥ ਤੋਂ ਲੈਣ ਗਿਆ ਸੀ । ਜਿੱਥੇ ਉਸ ਨਾਲ ਉਸ ਦੇ ਵੱਡੇ ਭਰਾ ਨੇ ਬਦਸਲੂਕੀ ਕੀਤੀ । ਜਿਸ ਤੋਂ ਬਾਅਦ ਉਸ ਦੇ ਭਤੀਜੇ ਨੇ ਘਰ ਆ ਕੇ ਲੜਾਈ ਕੀਤੀ । ਗੁੱਸੇ ‘ਚ ਆ ਕੇ ਭਤੀਜੇ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਸਤਪਾਲ ਅਨੁਸਾਰ ਜਦੋਂ ਉਸ ਨੇ ਆਪਣਾ ਬਚਾਅ ਕਰਨ ਲਈ ਆਪਣਾ ਹੱਥ ਹਿਲਾਇਆ ਤਾਂ ਉਸ ਦੇ ਸੱਜੇ ਹੱਥ ਦੀਆਂ ਤਿੰਨ ਉਂਗਲਾਂ ਕੱਟੀਆਂ ਗਈਆਂ। ਜ਼ਖ਼ਮੀ ਸਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਪਿੰਡ ਵਿੱਚ ਕਿਸੇ ਹੋਰ ਉਮੀਦਵਾਰ ਦੀ ਹਮਾਇਤ ਕਰ ਰਿਹਾ ਸੀ ਤੇ ਉਹ ਕਿਸੇ ਹੋਰ ਦਾ ਸਮਰਥਨ ਕਰ ਰਿਹਾ ਸੀ । ਜਿਸ ਕਾਰਨ ਉਸ ਦੇ ਭਤੀਜੇ ਨੇ ਉਸ ‘ਤੇ ਹਮਲਾ ਕਰ ਦਿੱਤਾ । ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ । ਮਾਮਲੇ ਦੀ ਸੂਚਨਾ ਥਾਣਾ ਹਠੂਰ ਨੂੰ ਦੇ ਦਿੱਤੀ ਗਈ ਹੈ । ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਜ਼ਖਮੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।