ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਰੱਦ

ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਰੱਦ
ਜਲੰਧਰ : ਸੂਬੇ ਦੀ ਸਾਬਕਾ ਕਾਂਗਰਸ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ ਬੁੱਧਵਾਰ ਨੂੰ ਰੱਦ ਕਰ ਦਿੱਤੀ ਗਈ ਹੈ। ਵਿਸ਼ੇਸ਼ ਪੀਐੱਮਐੱਲਏ ਜੱਜ-ਕਮ-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਨੇ ਭਾਰਤ ਭੂਸ਼ਣ ਆਸ਼ੂ ਵੱਲੋਂ ਦਾਇਰ ਪਟੀਸ਼ਨ ਰੱਦ ਕਰਨ ਸਬੰਧੀ ਸ਼ਾਮ ਨੂੰ ਆਪਣਾ ਫੈਸਲਾ ਸੁਣਾਇਆ। ਹੁਣ ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਜੈ ਸਿੰਘ ਪਠਾਨੀਆ ਨੇ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ਦਾ ਇਸ ਆਧਾਰ ’ਤੇ ਵਿਰੋਧ ਕੀਤਾ ਸੀ ਕਿ ਪੀਐੱਮਐੱਲਏ ਇਕ ਘਿਨਾਉਣੇ ਅਪਰਾਧ ਦੀ ਸ਼੍ਰੇਣੀ ’ਚ ਆਉਂਦਾ ਹੈ। ਇਸ ਮਾਮਲੇ ’ਚ ਨਾਜਾਇਜ਼ ਪੈਸਿਆਂ ਦਾ ਲੈਣ-ਦੇਣ ਹੋਇਆ, ਜਿਸ ਨਾਲ ਦੇਸ਼ ਤੇ ਸਮਾਜ ਦੀ ਆਰਥਿਕ ਹਾਲਤ ਨੂੰ ਸੱਟ ਵੱਜੀ। ਐਡਵੋਕੇਟ ਅਜੈ ਸਿੰਘ ਪਠਾਨੀਆ ਵੱਲੋਂ ਦਲੀਲ ਦਿੱਤੀ ਗਈ ਕਿ ਵਿੱਤੀ ਲੈਣ-ਦੇਣ ਪਿੱਛੇ ਸੱਚਾਈ ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਕਈ ਧਿਰਾਂ ਨਾਲ ਜੁੜੀ ਜਾਂਚ ਦੌਰਾਨ ਸਾਬਤ ਹੋ ਚੁੱਕਾ ਹੈ ਕਿ ਘਪਲੇ ਤੋਂ ਕਮਾਏ ਪੈਸੇ ਨਾਲ ਵਿੱਤੀ ਲੈਣ-ਦੇਣ ਕੀਤਾ ਗਿਆ। ਜਾਇਦਾਦਾਂ ਖਰੀਦੀਆਂ ਗਈਆਂ ਅਤੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੇ ਬੈਂਕ ਖਾਤਿਆਂ ’ਚ ਪੈਸੇ ਟਰਾਂਸਫਰ ਕੀਤੇ ਗਏ। ਉਨ੍ਹਾਂ ਕਿਹਾ ਕਿ ਈਡੀ ਦੀ ਜਾਂਚ ’ਚ ਪਤਾ ਚੱਲਿਆ ਹੈ ਕਿ ਆਸ਼ੂ ਨੇ ਟੈਂਡਰ ਅਲਾਟਮੈਂਟ ’ਚ ਚੁਣੇ ਹੋਏ ਠੇਕੇਦਾਰਾਂ ਦਾ ਪੱਖ ਪੂਰਿਆ ਤੇ ਉਨ੍ਹਾਂ ਨੂੰ ਹੋਰ ਲਾਭ ਦੇਣ ਦਾ ਵਾਅਦਾ ਕੀਤਾ, ਜਿਸ ਲਈ ਉਸ ਨੇ ਰਾਜਦੀਪ ਸਿੰਘ ਨਾਗਰਾ, ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ (ਮਾਮਲੇ ’ਚ ਪੀਓ ਐਲਾਨਿਆ) ਤੇ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਕੁਝ ਅਧਿਕਾਰੀਆਂ ਸਮੇਤ ਹੋਰ ਵਿਅਕਤੀਆਂ ਰਾਹੀਂ ਉਨ੍ਹਾਂ ਕੋਲੋਂ ਰਿਸ਼ਵਤ ਲਈ। ਰਿਸ਼ਵਤ ਦੇ ਪੈਸੇ ਨੂੰ ਫਰਜ਼ੀ ਸੰਸਥਾਵਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਚੱਲ ਤੇ ਅਚੱਲ ਜਾਇਦਾਦਾਂ ਖਰੀਦਣ ਲਈ ਅੱਗੇ ਵਧਾਇਆ ਗਿਆ।
