ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਰਫਬਾਰੀ ਸ਼ੁਰੂ ਹੋਣ ਨਾਲ ਆਲਾ ਦੁਆਲਾ ਬਰਫ ਦੀ ਚਿੱਟੀ ਚਾਦਰ ਵਿੱਚ ਲਿਪਟਿਆ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਰਫਬਾਰੀ ਸ਼ੁਰੂ ਹੋਣ ਨਾਲ ਆਲਾ ਦੁਆਲਾ ਬਰਫ ਦੀ ਚਿੱਟੀ ਚਾਦਰ ਵਿੱਚ ਲਿਪਟਿਆ
ਅੰਮ੍ਰਿਤਸਰ : ਭਾਰਤ ਦੇਸ਼ ਦੇ ਸੂਬੇ ਉੱਤਰਾਖੰਡ ਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਬਦਰੀਨਾਥ ਧਾਮ ਤੇ ਇਸ ਨਾਲ ਉੱਪਰਲੇ ਪਹਾੜਾਂ ’ਤੇ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸ ਨਾਲ ਇੱਥੇ ਸਮੁੱਚਾ ਆਲਾ ਦੁਆਲਾ ਬਰਫ ਦੀ ਚਿੱਟੀ ਚਾਦਰ ਵਿੱਚ ਲਪੇਟਿਆ ਗਿਆ ਹੈ। ਕੱਲ੍ਹ ਹੀ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸਮਾਪਤ ਹੋਈ ਸੀ ਅਤੇ ਅਰਦਾਸ ਮਗਰੋਂ ਗੁਰਦੁਆਰੇ ਦੇ ਕਿਵਾੜ ਸੰਗਤ ਵਾਸਤੇ ਸੀਤ ਕਾਲ ਲਈ ਬੰਦ ਕਰ ਦਿੱਤੇ ਗਏ ਹਨ। ਵੇਰਵਿਆਂ ਮੁਤਾਬਕ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਹੀ ਬਰਫਬਾਰੀ ਸ਼ੁਰੂ ਹੋ ਗਈ ਸੀ ਤੇ ਯਾਤਰਾ ਦੀ ਸਮਾਪਤੀ ਤੋਂ ਬਾਅਦ ਸ਼ਾਮ ਵੇਲੇ ਅਤੇ ਰਾਤ ਨੂੰ ਲਗਾਤਾਰ ਬਰਫ ਪਈ, ਜਿਸ ਨਾਲ ਗੁਰਦੁਆਰਾ ਅਤੇ ਆਲਾ ਦੁਆਲਾ ਬਰਫ ਨਾਲ ਢੱਕਿਆ ਗਿਆ ਹੈ। ਇਸ ਨਾਲ ਇਸ ਖੇਤਰ ਵਿੱਚ ਤਾਪਮਾਨ ਹੋਰ ਹੇਠਾਂ ਆ ਗਿਆ ਹੈ। ਗੁਰਦੁਆਰਾ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਆਖਿਆ ਕਿ ਯਾਤਰਾ ਦੀ ਸਮਾਪਤੀ ਤੋਂ ਬਾਅਦ ਜ਼ਿਆਦਾ ਬਰਫ ਪਈ ਹੈ ਤੇ ਪਰਮਾਤਮਾ ਨੇ ਯਾਤਰਾ ਵਿੱਚ ਕੋਈ ਵੀ ਵਿਘਨ ਨਹੀਂ ਪੈਣ ਦਿੱਤਾ। ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਬਰਫਬਾਰੀ ਨਾਲ ਤਾਪਮਾਨ ਹੇਠਾਂ ਆ ਗਿਆ ਹੈ ਅਤੇ ਉੱਪਰਲੇ ਪਹਾੜਾਂ ’ਤੇ ਬਰਫਬਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਾਂਭ ਸੰਭਾਲ ਮਗਰੋਂ ਭਲਕੇ ਸਾਰਾ ਅਮਲਾ ਪਰਤ ਆਵੇਗਾ ।
