ਪਤੀ ਨੇ ਚਾਕੂ ਮਾਰ ਮਾਰ ਕੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਪਤੀ ਨੇ ਚਾਕੂ ਮਾਰ ਮਾਰ ਕੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ
ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਗ੍ਰੀਨ ਫੀਲਡ ਇਲਾਕੇ `ਚ ਇੱਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਨਾਂ ਰੀਤੂ ਹੈ ਤੇ ਉਸਦੇ ਵਿਆਹ ਨੂੰ 10 ਸਾਲ ਹੋ ਚੱਲੇ ਹਨ ਅਤੇ ਉਸਦਾ ਇੱਕ ਅੱਠ ਸਾਲ ਦਾ ਪੁੱਤਰ ਵੀ ਹੈ। ਜਾਣਕਾਰੀ ਮੁਤਾਬਕ ਔਰਤ ਦੇ ਸਹੁਰੇ, ਦਿਓਰ ਤੇ ਪਤੀ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਕਈ ਵਾਰ ਪਰਿਵਾਰਿਕ ਮੈਂਬਰਾਂ ਨੇ ਬੈਠੇ ਕੇ ਇਨ੍ਹਾਂ ਦਾ ਰਾਜੀਨਾਮਾ ਵੀ ਕਰਵਾਇਆ ਸੀ ਪਰ ਘਰ `ਚ ਕਲੇਸ਼ ਚਲਦਾ ਰਹਿੰਦਾ ਸੀ ਤੇ ਅੱਜ ਸਵੇਰੇ ਤੜਕਸਾਰ, ਉਸ ਦੇ ਪਤੀ ਵੱਲੋਂ ਉਸ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉੱਥੇ ਹੀ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਜਿਸ ਪੁੱਤਰ ਨੇ ਜਨਮ ਲਿਆ ਸੀ ਉਹ ਦਿਵਿਆਂਗ ਸੀ ਜਿਸ ਕਾਰਨ ਉਨ੍ਹਾਂ ਦੀ ਧੀ ਨੂੰ ਕਾਫ਼ੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਅੱਜ ਉਸ ਨੂੰ ਦਰਦਨਾਕ ਮੌਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਏ ਦਿਨ ਉਸਦਾ ਦਿਓਰ, ਪਤੀ ਅਤੇ ਸਹੁਰਾ ਉਸ ਦੀ ਕੁੱਟ-ਮਾਰ ਕਰਦੇ ਸਨ। ਜਿਸ ਦੇ ਚਲਦੇ ਅੱਜ ਸਵੇਰੇ ਉਸ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਉੱਥੇ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਬਰਬਾਦ ਨਾ ਕਰ ਸਕਣ। ਉੱਥੇ ਹੀ ਮ੍ਰਿਤਕਾ ਦੇ ਮਾਸੂਮ ਪੁੱਤਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦੀ ਮੰਮੀ ਦੇ ਨਾਲ ਰੋਜ਼ ਕੁੱਟ-ਮਾਰ ਕੀਤੀ ਜਾਂਦੀ ਸੀ ਅੱਜ ਸਵੇਰੇ ਵੀ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸਦੇ ਪਾਪਾ ਵੱਲੋਂ ਉਹਦੀ ਮੰਮੀ ਨੂੰ ਚਾਕੂ ਮਾਰ ਦਿੱਤਾ ਗਿਆ । ਉੱਥੇ ਹੀ ਮੌਕੇ `ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗ੍ਰੀਨ ਫੀਲਡ ਇਲਾਕੇ `ਚ ਰੀਤੂ ਨਾਂ ਦੀ ਇੱਕ ਔਰਤ ਦਾ ਕਤਲ ਹੋ ਗਿਆ ਹੈ। ਅਸੀਂ ਮੌਕੇ `ਤੇ ਪੁੱਜੇ ਹਾਂ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਅਧਾਰ `ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੋ ਵੀ ਮੁਲਜ਼ਮ ਪਾਇਆ ਗਿਆ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
