ਪੰਜਾਬੀ ਯੂਨੀਵਰਸਿਟੀ ਵਿਖੇ ਮਹੀਨਾ ਭਰ ਚੱਲੀ ਦੋ-ਭਾਸ਼ੀ ਥੀਏਟਰ ਵਰਕਸ਼ਾਪ ਸੰਪੰਨ

ਦੁਆਰਾ: Punjab Bani ਪ੍ਰਕਾਸ਼ਿਤ :Monday, 14 October, 2024, 02:48 PM

ਪੰਜਾਬੀ ਯੂਨੀਵਰਸਿਟੀ ਵਿਖੇ ਮਹੀਨਾ ਭਰ ਚੱਲੀ ਦੋ-ਭਾਸ਼ੀ ਥੀਏਟਰ ਵਰਕਸ਼ਾਪ ਸੰਪੰਨ
-ਪੰਜਾਬੀ ਵਿਭਾਗ ਅਤੇ ਅੰਗਰੇਜ਼ੀ ਵਿਭਾਗ ਵੱਲੋਂ ਸਾਂਝੇ ਰੂਪ ਵਿਚ ਕਰਵਾਈ ਗਈ ਵਰਕਸ਼ਾਪ
ਪਟਿਆਲਾ : ਪੰਜਾਬੀ ਵਿਭਾਗ ਦੀ ਸਾਹਿਤ ਸਭਾ ਅਤੇ ਅੰਗਰੇਜ਼ੀ ਵਿਭਾਗ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਵੱਲੋਂ ਸਾਂਝੇ ਰੂਪ ਵਿਚ ਦੋ-ਭਾਸ਼ੀ ਥੀਏਟਰ ਵਰਕਸ਼ਾਪ ਕਰਵਾਈ ਗਈ ਜੋ ਮਹੀਨਾ ਭਰ ਜਾਰੀ ਰਹੀ। ਨੌਜਵਾਨ ਰੰਗਕਰਮੀ ਅਤੇ ਸਟੇਜ ਮਾਹਿਰ ਸਹਿਜ ਅਜੀਜ਼ ਇਸ ਵਰਕਸ਼ਾਪ ਵਿੱਚ ਲਗਾਤਾਰ ਹਰ ਰੋਜ਼ ਹਾਜ਼ਰ ਰਹੇ। ਵਰਕਸ਼ਾਪ ਵਿੱਚ ਭਾਗ ਲੈਣ ਵਾਲ਼ਿਆਂ ਨੇ ਰੂਸੀ ਨਾਟਕਕਾਰ ਐਂਟੋਨ ਪਾਵਲੋਵਿਚ ਚੇਖੋਵ ਦੀਆਂ ਚਾਰ ਛੋਟੀਆਂ ਕਹਾਣੀਆਂ ਨੂੰ ਰੂਪਾਂਤਰਿਤ ਕਰ ਕੇ ਨਾਟਕੀ ਰੂਪ ਦਿੱਤਾ। ਅੰਤਲੇ ਦਿਨ ਖਚਾਖਚ ਭਰੇ ਕਲਾ-ਭਵਨ ਵਿਚ ‘ਚੇਖੋਵ ਦੀਆਂ ਨਜ਼ਰਾਂ ਤੋਂ’ ਨਾਮ ਹੇਠ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜਯੋਤੀ ਪੁਰੀ ਨੇ ਸੰਬੋਧਨ ਕੀਤਾ । ਪ੍ਰੋ. ਗੁਰਮੁਖ ਸਿੰਘ ਨੇ ਵਰਕਸ਼ਾਪ ਦੇ ਅੰਤਲੇ ਦਿਨ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਵਰਕਸ਼ਾਪ ਦੋਵਾਂ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਰੰਗਮੰਚ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਸਟੇਜ ਡਿਜ਼ਾਈਨਿੰਗ, ਸਕ੍ਰਿਪਟ ਲੇਖਣ, ਆਵਾਜ਼ ਨਿਯੰਤਰਣ, ਦੇਹਿਕ ਭਾਸ਼ਾ, ਰੋਸ਼ਨੀ ਅਤੇ ਥਾਂ ਦੀ ਵਰਤੋਂ ਤੋਂ ਜਾਣੂ ਕਰਵਾਉਣ ਲਈ ਵਿਉਂਤੀ ਗਈ ਸੀ। ਇਹ ਭਾਸ਼ਾਵਾਂ ਦੇ ਵਿਭਾਗਾਂ ਦੇ ਵਿਦਿਆਰਥੀਆਂ ਵਿਚ ਸਿਰਜਣਤਮਕ ਤਾਲਮੇਲ ਨੂੰ ਮਜਬੂਤ ਕਰਨ ਦੀ ਇੱਕ ਕੋਸ਼ਿਸ਼ ਵੀ ਸੀ । ਡਾ. ਜਯੋਤੀ ਪੁਰੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਅਜਿਹੀਆਂ ਕਲਾਸੀਕਲ ਰਚਨਾਵਾਂ ਦੇ ਦੋਭਾਸ਼ੀ ਢੰਗ ਨਾਲ ਸਮਕਾਲੀ ਰੂਪਾਂਤਰਣ ਦੀ ਸ਼ਲਾਘਾ ਕੀਤੀ। ਨਾਟਕੀ ਪੇਸ਼ਕਾਰੀ ਦੀ ਸਫ਼ਲ ਦੇਖ-ਰੇਖ ਡਾ. ਰਾਜਵੰਤ ਕੌਰ ਪੰਜਾਬੀ, ਡਾ. ਗੁਰਸੇਵਕ ਲੰਬੀ ਅਤੇ ਡਾ. ਧਰਮਜੀਤ ਸਿੰਘ ਵੱਲੋਂ ਕੀਤੀ ਗਈ ।