ਸਿਵਲ ਹਸਪਤਾਲ ਸਮਾਣਾ ਵਿਖੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਵਧੀਆ ਸਿਹਤ ਸੇਵਾਵਾਂ-ਡਾ. ਜਤਿੰਦਰ ਕਾਂਸਲ

ਸਿਵਲ ਹਸਪਤਾਲ ਸਮਾਣਾ ਵਿਖੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਵਧੀਆ ਸਿਹਤ ਸੇਵਾਵਾਂ-ਡਾ. ਜਤਿੰਦਰ ਕਾਂਸਲ
-ਗਾਇਨੀ ਤੇ ਐਨਸਥੀਸੀਆ ਦੇ ਡਾਕਟਰਾਂ ਦੀ ਡਿਊਟੀ ਵੀ ਲਗਾਈ-ਸਿਵਲ ਸਰਜਨ
-ਲੈਬ ਟੈਕਨੀਸ਼ੀਅਨ ਦੀਆਂ ਸਾਰੀਆਂ ਪੰਜ ਪੋਸਟਾਂ ਭਰੀਆਂ, ਰੋਜ਼ਾਨਾ 500 ਹੋ ਰਹੇ ਹਨ ਲੈਬ ਟੈਸਟ
ਸਮਾਣਾ, 11 ਸਤੰਬਰ : ਪਟਿਆਲਾ ਦੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਦੱਸਿਆ ਹੈ ਕਿ ਸਿਵਲ ਹਸਪਤਾਲ ਸਮਾਣਾ ਵਿਖੇ ਵਿਖੇ ਵੱਖ-ਵੱਖ ਤਰ੍ਹਾਂ ਦੇ ਸਪੈਸ਼ਲਿਸਟ ਅਤੇ ਐਮ.ਬੀ.ਬੀ.ਐਸ ਡਾਕਟਰ ਤਾਇਨਾਤ ਹਨ, ਜੋ ਕਿ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਡਾ. ਜਤਿੰਦਰ ਕਾਂਸਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਸਪਤਾਲ ਵਿਖੇ ਡਾਕਟਰਾਂ ਅਤੇ ਪੈਰਾਮੈਡੀਕਲ ਅਮਲੇ ਦੀ ਘਾਟ ਪੂਰੀ ਕਰਨ ਲਈ ਆਰਜੀ ਪ੍ਰਬੰਧ ਕੀਤੇ ਜਾ ਚੁੱਕੇ ਹਨ ਤੇ ਜਲਦੀ ਹੀ ਪੱਕੀ ਤਾਇਨਾਤੀ ਕੀਤੀ ਜਾਵੇਗੀ । ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਿਰਫ ਗਾਇਨੀ ਅਤੇ ਐਨਥੀਜੀਆ ਦੇ ਡਾਕਟਰਾਂ ਦੀ ਘਾਟ ਸੀ, ਜਿਨ੍ਹਾਂ ਦੀ ਥਾਂ ਉਤੇ ਜ਼ਿਲ੍ਹੇ ਦੀਆਂ ਹੋਰ ਸੰਸਥਾਵਾਂ ਵਿੱਚੋਂ ਡਾਕਟਰਾਂ ਦੀ ਆਰਜੀ ਤੌਰ ਉਤੇ ਡਿਊਟੀ ਲਗਾ ਦਿੱਤੀ ਗਈ ਹੈ। ਇਸੇ ਤਰ੍ਹਾਂ ਫਾਰਮੇਸੀ ਅਫਸਰਾਂ ਦੀਆਂ ਚਾਰ ਅਸਾਮੀਆਂ ਵਿੱਚੋਂ ਤਿੰਨ ਅਸਾਮੀਆਂ (ਇੱਕ ਰੈਗੂਲਰ ਅਤੇ ਦੋ ਡੈਪੂਟੇਸ਼ਨ) ਤੇ ਫਾਰਮੇਸੀ ਅਫ਼ਸਰ ਕੰਮ ਕਰ ਰਹੇ ਹਨ । ਸਿਵਲ ਸਰਜਨ ਨੇ ਦੱਸਿਆ ਕਿ ਲੈਬ ਟੈਕਨੀਸ਼ੀਅਨ ਦੀਆਂ ਸਾਰੀਆਂ ਪੰਜ ਪੋਸਟਾਂ ਭਰੀਆਂ ਜਾ ਚੁੱਕੀਆਂ ਹਨ ਤੇ ਹਸਪਤਾਲ ਵਿੱਚ ਰੋਜ਼ਾਨਾ 500 ਲੈਬ ਟੈਸਟ ਕੀਤੇ ਜਾ ਰਹੇ ਹਨ, ਐਕਸਰੇ ਸਬੰਧੀ ਸੇਵਾਵਾਂ ਦੇਣ ਲਈ ਦੋ ਰੇਡੀਓਗ੍ਰਾਫਰ ਪਹਿਲਾਂ ਹੀ ਤੈਨਾਤ ਹਨ, ਜਿਨ੍ਹਾਂ ਵੱਲੋਂ ਹਰ ਰੋਜ਼ 40 ਦੇ ਕਰੀਬ ਐਕਸਰੇ ਕੀਤੇ ਜਾਂਦੇ ਹਨ, ਅਪਥੈਲਮਿਕ ਅਫਸਰ ਦੀ ਵੀ ਹੁਣੇ 31 ਅਗਸਤ ਨੂੰ ਰਿਟਾਇਰਮੈਂਟ ਹੋਈ ਹੈ ਤੇ ਇਸ ਸਬੰਧੀ ਪੋਸਟ ਭਰਨ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਿਆ ਹੈ । ਡਾ. ਜਤਿੰਦਰ ਕਾਂਸਲ ਨੇ ਹੋਰ ਦੱਸਿਆ ਕਿ ਸਟਾਫ ਨਰਸ ਦੀ ਕਮੀ ਨੂੰ ਪੂਰਾ ਕਰਨ ਲਈ ਜਿਲ੍ਹੇ ਦੀਆਂ ਦੂਜੀਆਂ ਸੰਸਥਾਵਾਂ ਤੋਂ ਸਟਾਫ ਨਰਸਾਂ ਨੂੰ ਆਰਜੀ ਤੌਰ ਉਤੇ ਤੈਨਾਤ ਕੀਤਾ ਗਿਆ ਹੈ ਤੇ ਉਹ ਜ਼ਿਲ੍ਹਾ ਪੱਧਰ ਉਤੇ ਬਣਾਏ ਗਏ ਰੋਸਟਰ ਰਜਿਸਟਰ ਮੁਤਾਬਿਕ ਕੰਮ ਕਰ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਮੌਜੂਦਾ ਸਮੇਂ ਤਾਇਨਾਤ ਮੈਡੀਕਲ ਦੇ ਪੈਰਾ ਮੈਡੀਕਲ ਸਟਾਫ ਵੱਲੋਂ ਇਲਾਕੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਜਦਕਿ ਸਟਾਫ ਦੀ ਕਮੀ ਸਬੰਧੀ ਉਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਕੁਝ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੀ ਖੇਚਲ ਕੀਤੀ ਜਾਵੇ ਤਾਂ ਕਿ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ।
