ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਦਿੜ੍ਹਬਾ, 12 ਸਤੰਬਰ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬ ਡਵੀਜ਼ਨ ਦਿੜਬਾ ਦੇ ਪਿੰਡ ਘਨੌੜ ਰਾਜਪੂਤਾਂ ਵਿਖੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਪ ਮੰਡਲ ਮੈਜਿਸਟਰੇਟ ਦਿੜਬਾ ਰਾਜੇਸ਼ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਇਸ ਕਿਸਾਨ ਸਿਖਲਾਈ ਕੈਂਪ ਦੌਰਾਨ ਪਰਾਲੀ ਪ੍ਰਬੰਧਨ ਦੇ ਵੱਖ-ਵੱਖ ਨੁਕਤਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਸਮੇਂ ਖੇਤੀਬਾੜੀ ਵਿਕਾਸ ਅਫਸਰ ਸੁਨਾਮ ਡਾ. ਦਮਨਪ੍ਰੀਤ ਸਿੰਘ ਵਲੋਂ ਸੀ.ਆਰ.ਐਮ ਸਕੀਮ ਤਹਿਤ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈ ਜਾ ਰਹੀ ਖੇਤੀ ਮਸ਼ੀਨਰੀ ਜਿਸ ਵਿੱਚ ਸੁਪਰ ਸੀਡਰ, ਹੈਡੀ ਸੀਡਰ, ਚੋਪਰ, ਜੀਰੋ ਡਰਿੱਲ, ਮਲਚਰ, ਸੁਪਰ ਐਸ.ਐਮ .ਐਸ ਆਦਿ ਬਾਰੇ ਵਿਸਥਾਰ ਵਿੱਚ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਤਾਂ ਜੋ ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧਨ ਕੀਤਾ ਜਾ ਸਕੇ। ਉਹਨਾਂ ਵਲੋਂ ਪਿੰਡਾਂ ਦੀਆਂ ਕੋ-ਆਪਰੇਟਿਵ ਸੁਸਾਇਟੀਆ ਨੂੰ ਵੀ ਇਹ ਖੇਤੀ ਮਸ਼ੀਨਰੀ ਵਿਭਾਗ ਵਲੋਂ ਮੁਹੱਈਆ ਕਰਵਾਉਣ ਲਈ ਕਿਸਾਨਾਂ ਨਾਲ ਗੱਲ ਸਾਂਝੀ ਕੀਤੀ ਗਈ। ਇਸ ਉਪਰੰਤ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਜਿਸ ਵਿੱਚ ਕਣਕ ਦਾ ਬੀਜ ਮੁਹੱਈਆ ਕਰਵਾਉਣ ਬਾਰੇ, ਹਰੀ ਖਾਦ ਲਈ ਬੀਜੇ ਜਾਣ ਵਾਲ ਜੰਤਰ/ਮੂੰਗੀ ਉਪਲਬਧ ਕਰਵਾਉਣ ਬਾਰੇ, ਮਿੱਟੀ ਪਾਣੀ ਪਰਖ ਦੀ ਮਹੱਤਤਾ ਬਾਰੇ, ਫਸਲੀ ਵਿਭਿੰਨਤਾ ਬਾਰੇ ਵੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ । ਉਪ ਮੰਡਲ ਮੈਜਿਸਟਰੇਟ ਰਾਜੇਸ਼ ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਤਾਵਰਣ ਦੇ ਰਾਖੇ ਬਣ ਕੇ ਜਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਇਸ ਸੀਜਨ ਦੌਰਾਨ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੋਂ ਪੂਰੀ ਤਰ੍ਹਾਂ ਗੁਰੇਜ ਕੀਤਾ ਜਾਵੇ।
