ਕਾਂਗਰਸ਼ ਪਾਰਟੀ ਨੇ ਕਦੇ ਵੀ ਦੇਸ਼ ਤੇ ਸਿੱਖਾਂ ਤੋਂ ਮੁਆਫੀ ਨਹੀਂ ਮੰਗੀ : ਗਰੇਵਾਲ

ਦੁਆਰਾ: Punjab Bani ਪ੍ਰਕਾਸ਼ਿਤ :Sunday, 15 September, 2024, 05:52 PM

ਕਾਂਗਰਸ਼ ਪਾਰਟੀ ਨੇ ਕਦੇ ਵੀ ਦੇਸ਼ ਤੇ ਸਿੱਖਾਂ ਤੋਂ ਮੁਆਫੀ ਨਹੀਂ ਮੰਗੀ : ਗਰੇਵਾਲ
ਚੰਡੀਗੜ੍ਹ : ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ਖਿਲਾਫ ਅਦਾਲਤ ਵਲੋਂ ਹੱਤਿਆ ਦੇ ਦੋਸ਼ ਤੈਅ ਹੋਣ ਤੋਂ ਬਾਅਦ ਤੇ ਮੋਦੀ ਸਰਕਾਰ ਵੱਲੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਲਗਾਤਾਰ ਸਖਤ ਐਕਸ਼ਨ ਤੋਂ ਕਾਂਗਰਸ ਪਾਰਟੀ ਬੁਰੀ ਤਰਾਂ ਘਬਰਾਈ ਹੋਈ ਹੈ। ਕਾਂਗਰਸ ਪਾਰਟੀ ਦੇ ਲੀਡਰ ਊਲ-ਜਲੂਲ ਬਿਆਨ ਦੇ ਰਹੇ ਹਨ। ਅਪ੍ਰੇਸ਼ਨ ਬਲਿਊ ਸਟਾਰ ਬਾਰੇ ਚੰਨੀ ਦਾ ਬਿਆਨ ਹਾਸੋਹੀਣਾ ਤੇ ਗੁਮਰਾਹਕੁੰਨ ਹੈ, ਕਾਂਗਰਸ਼ ਪਾਰਟੀ ਨੇ ਕਦੇ ਵੀ ਦੇਸ਼ ਤੇ ਸਿੱਖਾਂ ਤੋਂ ਮੁਆਫੀ ਨਹੀਂ ਮੰਗੀ, ਰਾਹੁਲ ਗਾਂਧੀ ਕਾਂਗਰਸ ਪਾਰਟੀ ਵੱਲੋ ਸਿੱਖਾਂ ਤੇ ਕੀਤੇ ਜ਼ੁਲਮਾਂ ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ ਕਰ ਰਿਹਾ ਹੈ। ਭਾਜਪਾ ਦਾ ਆਪ੍ਰੇਸ਼ਨ ਬਲਿਊ ਸਟਾਰ ਨਾਲ ਕੋਈ ਲੈਣਾ ਦੇਣਾ ਨਹੀਂ। ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਕਾਰਜਕਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਅੱਜ ਬੀਜੇਪੀ ਦਫ਼ਤਰ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਦੇ ਸੂਬਾ ਪ੍ਰੈਸ ਸਕੱਤਰ ਹਰਦੇਵ ਸਿੰਘ ਊਭਾ ਮੌਜੂਦ ਸਨ। ਗਰੇਵਾਲ ਨੇ ਦੱਸਿਆ ਕਿ ਅਡਵਾਨੀ ਜੀ ਨੇ ਆਪਣੀ ਕਿਤਾਬ “ਮੇਰਾ ਦੇਸ਼ ਮੇਰੇ ਲੋਕ” ਦੇ ਚੌਥੇ ਹਿਸੇ, ਸੱਤਵੇ ਚੈਪਟਰ “ਪੰਜਾਬ ਦੀ ਵੇਦਨਾ ” ਵਿੱਚ ਵਿਸਥਾਰ ਨਾਲ ਦੱਸਿਆ ਕਿ ਕਿਸ ਤਰਾਂ ਇੰਦਰ ਗਾਂਧੀ ਨੇ ਸੱਤਾ ਦੀ ਲਾਲਸਾ ਵਿੱਚ ਪੰਜਾਬ ਦੀਆ ਗੈਰ ਕਾਂਗਰਸੀ ਸਰਕਾਰਾ ਨੂੰ ਵਾਰ ਵਾਰ ਤੋੜਿਆ ਪਰ ਪੰਜਾਬ ਦੇ ਲੋਕ ਕਾਂਗਰਸ ਨੂੰ ਨਕਾਰਦੇ ਰਹੇ। ਫਿਰ ਇੰਦਰਾ ਗਾਂਧੀ ਨੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਹੱਥਕੰਢੇ ਵਰਤਣੇ ਸੁਰੂ ਕਰ ਦਿੱਤੇ। ਖਾਲਿਸਤਾਨੀਆਂ, ਵੱਖਵਾਦੀਆਂ ਨੂੰ ਸਪੋਰਟ, ਸਹਿ, ਮੱਦਦ ਦੇਣੀ ਸ਼ੁਰੂ ਕਰ ਦਿੱਤੀ। ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਤੋੜ ਕੇ ਲਛਮਣ ਸਿੰਘ ਗਿੱਲ ਦੀ ਸਰਕਾਰ ਵਿੱਚ ਜਗਜੀਤ ਸਿੰਘ ਚੌਹਾਨ ਨੂੰ ਮੰਤਰੀ ਬਣਾਇਆ ਜਿਸ ਨੂੰ ਬਾਅਦ ਵਿੱਚ ਖਾਲਿਸਤਾਨ ਦਾ ਰਾਸ਼ਟਰਪਤੀ ਘੋਸ਼ਿਤ ਕੀਤਾ ਗਿਆ। ਕਾਂਗਰਸ ਦੀਆ ਗ਼ਲਤ ਨੀਤੀਆਂ ਤੇ ਸੱਤਾ ਦੀ ਲਾਲਸਾ ਕਰਨ ਆਪ੍ਰੇਸ਼ਨ ਬਲਿਊ ਸਟਾਰ ਦੀ ਉੱਪਜ ਹੋਈ ਜਿਸ ਨਾਲ ਦੇਸ਼ ਤੇ ਪੰਜਾਬ ਦਾ ਨੁਕਸਾਨ ਹੋਇਆ। ਅਡਵਾਨੀ ਜੀ ਨੇ ਕਿਤਾਬ ਰਾਹੀ ਦੱਸਿਆ ਕਿ ਓਪਰੇਸ਼ਨ ਬਲੂ ਸਟਾਰ ਲਈ ਇੰਦਰਾ ਗਾਂਧੀ ਤੇ ਕਾਂਗਰਸ ਪਾਰਟੀ ਪੂਰੀ ਤਰਾਂ ਜਿੰਮੇਵਾਰ ਸੀ। ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋ ਵਿਦੇਸ਼ ਜਾ ਕੇ ਇਹ ਕਹਿਣਾ ਕੇ ਸਿੱਖ ਕੜ੍ਹਾ ਤੇ ਪੱਗ ਨਹੀਂ ਪਹਿਨ ਸਕਦੇ, ਝੂਠਾ ਤੇ ਬਹੁਤ ਨਿੰਦਣਯੋਗ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਉਹਨਾਂ ਨੂੰ ਦੇਸ਼ ਅਤੇ ਸਿੱਖਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਮੇਂ ਸਮੇਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਾ ਖੁਦ ਪੱਗ ਬੰਨਦੇ ਹਨ ਤੇ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਤੇ ਸਤਿਕਾਰ ਰੱਖਦੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ, ਪੂਰੇ ਸੰਸਾਰ ਵਿੱਚ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਿਆ ਹੈ, ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ, ਐਫ ਸੀ ਆਰ ਏ ਤਹਿਤ ਸ਼੍ਰੀ ਦਰਬਾਰ ਸਾਹਿਬ ਨੂੰ ਫੰਡਿੰਗ ਆਉਣ ਲੱਗੀ, ਲੰਗਰ ਤੋਂ ਜੀਐਸਟੀ ਖਤਮ ਕੀਤੀ। ਅਫਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਭਾਰਤ ਲਿਆਂਦਾ, ਅਫਗਾਨਿਸਤਾਨ ਵਿੱਚੋ ਸਿੱਖਾਂ ਨੂੰ ਮੋਦੀ ਸਰਕਾਰ ਨੇ ਭਾਰਤ ਲਿਆਦਾਂ ਤੇ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ। ਹਰਜੀਤ ਗਰੇਵਾਲ ਨੇ ਕਿਹਾ ਕਿ 40 ਸਾਲ ਬਾਅਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣਾ ਭਾਜਪਾ ਦੀ ਮੋਦੀ ਸਰਕਾਰ ਕਾਰਨ ਹੀ ਸੰਭਵ ਹੋ ਸਕਿਆ ਕਿਉਕਿ ਕਾਂਗਰਸ ਪਾਰਟੀ ਨੇ ਬਹੁਤ ਸਾਰੇ ਸਬੂਤ ਨਸ਼ਟ ਕਰ ਦਿੱਤੇ ਸਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀਆ ਗ਼ਲਤ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਭੋਗਿਆ ਤੇ ਹੁਣ ਦੇਸ਼ ਦੇ ਲੋਕ ਕਾਂਗਰਸ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਅਜਿਹੇ ਬਿਆਨ ਦੇ ਕੇ ਚੋਣਾਂ ਵਿੱਚ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਫਲ ਨਹੀਂ ਹੋਣਗੇ।

ਗਰੇਵਾਲ ਨੇ ਕਿਹਾ ਅਰਵਿੰਦ ਕੇਜਰੀਵਾਲ ਦਾ ਅਸਤੀਫ਼ੇ ਦਾ ਐਲਾਨ ਆਮ ਆਦਮੀ ਪਾਰਟੀ ਦੀ ਈਵੈਂਟ ਮੈਨੇਜਮੈਂਟ ਹੈ।ਅਰਵਿੰਦ ਕੇਜਰੀਵਾਲ ਨੂੰ ਤਾਂ ਬਹੁਤ ਪਹਿਲਾ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ, ਹੁਣ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਤੁਸੀ ਸਰਕਾਰੀ ਕੰਮ ਨਹੀਂ ਕਰ ਸਕਦੇ ਪਰ ਬੇਸ਼ਰਮੀ ਦੀ ਹੱਦ, ਅਰਵਿੰਦ ਕੇਜਰੀਵਾਲ ਅਜੇ ਵੀ ਸਮਾਂ ਲੈ ਰਿਹਾ ਹੈ।