ਮੈਂ ‘ਆਈਸੀ 814: ਦਿ ਕੰਧਾਰ ਹਾਈਜੈਕ’ ਨੈੱਟਫਲਿਕਸ ਵੈੱਬ ਸੀਰੀਜ਼ ਨਹੀਂ ਵੇਖੀ, ਇਸ ਲਈ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ : ਜੈਸ਼ੰਕਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 14 September, 2024, 08:29 AM

ਮੈਂ ‘ਆਈਸੀ 814: ਦਿ ਕੰਧਾਰ ਹਾਈਜੈਕ’ ਨੈੱਟਫਲਿਕਸ ਵੈੱਬ ਸੀਰੀਜ਼ ਨਹੀਂ ਵੇਖੀ, ਇਸ ਲਈ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ : ਜੈਸ਼ੰਕਰ
ਜਨੇਵਾ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ‘ਆਈਸੀ 814: ਦਿ ਕੰਧਾਰ ਹਾਈਜੈਕ’ ਨੈੱਟਫਲਿਕਸ ਵੈੱਬ ਸੀਰੀਜ਼ ਦੇ ਹਵਾਲੇ ਨਾਲ ਗੱਲ ਕਰਦਿਆਂ ਖੁਲਾਸਾ ਕੀਤਾ ਕਿ 1984 ਵਿੱਚ ਵੀ ਜਹਾਜ਼ ਅਗਵਾ ਕੀਤਾ ਗਿਆ ਸੀ ਅਤੇ ਉਸ ਵਿੱਚ ਉਨ੍ਹਾਂ ਦੇ ਪਿਤਾ ਵੀ ਸਵਾਰ ਸਨ। ਇਸੇ ਤਰ੍ਹਾਂ ਜੈਸ਼ੰਕਰ ਖੁਦ ਸੰਕਟ ਨਾਲ ਨਜਿੱਠਣ ਵਾਲੀ ਟੀਮ ਦਾ ਹਿੱਸਾ ਸਨ। ਜੈਸ਼ੰਕਰ ਨੇ ਜੈਨੇਵਾ ਵਿਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਇਹ ਖੁਲਾਸਾ ਕੀਤਾ। ਉਨ੍ਹਾਂ ਕਿਹਾ, ‘ਮੈਂ ਫਿਲਮ ਨਹੀਂ ਵੇਖੀ, ਇਸ ਲਈ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਤੁਹਾਨੂੰ ਦਿਲਚਸਪ ਗੱਲ ਦੱਸਦਾ ਹਾਂ। 1984 ਵਿੱਚ ਵੀ ਜਹਾਜ਼ ਅਗਵਾ ਹੋਇਆ ਸੀ। ਉਸ ਵੇਲੇ ਮੈਂ ਨਵਾਂ-ਨਵਾਂ ਅਫਸਰ ਭਰਤੀ ਹੋਇਆ ਸੀ। ਉਸ ਵੇਲੇ ਮੈਂ ਇਸ ਸੰਕਟ ਨਾਲ ਨਜਿੱਠਣ ਲਈ ਬਣਾਈ ਗਈ ਟੀਮ ਦਾ ਹਿੱਸਾ ਸੀ। ਜਹਾਜ਼ ਅਗਵਾ ਕੀਤੇ ਜਾਣ ਦੇ 3-4 ਘੰਟਿਆਂ ਬਾਅਦ ਮੈਂ ਆਪਣੀ ਮਾਤਾ ਨੂੰ ਫੋਨ ਕਰਕੇ ਦੱਸਿਆ ਕਿ ਜਹਾਜ਼ ਅਗਵਾ ਹੋ ਗਿਆ ਹੈ ਅਤੇ ਮੈਂ ਘਰ ਨਹੀਂ ਆ ਸਕਦਾ। ਉਸ ਵੇਲੇ ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਵੀ ਉਸ ਉਡਾਣ ਵਿੱਚ ਸਵਾਰ ਸਨ। ਖੁਸ਼ਕਿਸਮਤੀ ਨਾਲ ਇਸ ਦੌਰਾਨ ਕੋਈ ਮਾਰਿਆ ਨਹੀਂ ਗਿਆ ਪਰ ਇਸ ਤੋਂ ਉਲਟ ਵੀ ਹੋ ਸਕਦਾ ਸੀ।’ ਵਿਦੇਸ਼ ਮੰਤਰੀ ਨੇ ਇਸ ਘਟਨਾ ਨੂੰ ਦਿਲਚਸਪ ਦੱਸਦਿਆਂ ਕਿਹਾ ਕਿ ਇਕ ਪਾਸੇ ਉਹ ਸੰਕਟ ਨਾਲ ਨਜਿੱਠਣ ਲਈ ਕੰਮ ਕਰ ਰਹੀ ਅਧਿਕਾਰਤ ਟੀਮ ਦਾ ਹਿੱਸਾ ਸਨ, ਜਦਕਿ ਦੂਜੇ ਪਾਸੇ ਉਹ ਪੀੜਤ ਪਰਿਵਾਰਾਂ ਦਾ ਵੀ ਹਿੱਸਾ ਸਨ। 5 ਜੁਲਾਈ 1984 ਨੂੰ ਇੰਡੀਅਨ ਏਅਰਲਾਈਨਜ਼ ਦੀ ਉਡਾਣ ਨੂੰ ਪਠਾਨਕੋਟ ਤੋਂ ਅਗਵਾ ਕਰਕੇ ਦੁਬਈ ਲਿਜਾਇਆ ਗਿਆ ਸੀ।