ਕੈਨੇਡਾ `ਚ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ ਮੁੱਕਣ ਤੇ ਕੀ ਕੀਤਾ ਜਾ ਸਕਦੈ ਡਿਪੋਰਟ

ਕੈਨੇਡਾ `ਚ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ ਮੁੱਕਣ ਤੇ ਕੀ ਕੀਤਾ ਜਾ ਸਕਦੈ ਡਿਪੋਰਟ
ਓਨਟਾਰੀਓ ਦੇ ਬਰੈਂਪਟਨ ਵਿੱਚ ਪਿਛਲੇ 12 ਦਿਨਾਂ ਤੋਂ ਦਿਨ-ਰਾਤ ਦਾ ਪੱਕਾ ਧਰਨਾ ਜਾਰੀ
ਕੈਨੇਡਾ : ਵਿਦੇਸ਼ੀ ਧਰਤੀ ਕੈਨੇਡਾ ਸਰਕਾਰ ਦੀਆਂ ਬਦਲੀਆਂ ਇਮੀਗ੍ਰੇਸ਼ਨ ਨੀਤੀਆਂ ਕਰਕੇ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕਾਮੇ ਪ੍ਰਭਾਵਿਤ ਹੋ ਰਹੇ ਹਨ, ਜਿਨ੍ਹਾਂ ਉੱਪਰ ਅਗਲੇ ਸਾਲ ਡਿਪੋਰਟੇਸ਼ਨ ਦੀ ਤਲਵਾਰ ਲਟਕੀ ਹੋਈ ਹੈ। ਜਿਸ ਕਰਕੇ ਓਨਟਾਰੀਓ ਦੇ ਬਰੈਂਪਟਨ ਵਿੱਚ ਪਿਛਲੇ 12 ਦਿਨਾਂ ਤੋਂ ਦਿਨ-ਰਾਤ ਦਾ ਪੱਕਾ ਧਰਨਾ ਚੱਲ ਰਿਹਾ ਹੈ। ਵਿਨੀਪੈੱਗ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਰੋਸ ਮੁਜ਼ਾਹਰੇ ਹੋ ਰਹੇ ਹਨ। ਇੱਕ ਰਿਪੋਰਟ ਮੁਤਾਬਕ ਇਸ ਸਾਲ ਜਿਨ੍ਹਾਂ ਦਾ ਵਰਕ ਪਰਮਿਟ ਮੁੱਕ ਰਿਹਾ ਹੈ, ਉਨ੍ਹਾਂ ਦੀ ਗਿਣਤੀ 1 ਲੱਖ 30 ਹਜ਼ਾਰ ਦੇ ਲਗਭਗ ਹੈ । ਪਿਛਲੇ ਕਈ ਸਾਲਾਂ ਤੋਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਕਨੇਡਾ ਬਣਿਆ ਹੋਇਆ ਹੈ। ਕੈਨੇਡਾ ਦੇ ਲਈ ਵੀ ਇਹ ਵਿਦਿਆਰਥੀ ਸੋਨੇ ਦਾ ਅੰਡਾ ਦੇਣ ਵਾਲੀ ਮੁਰਗ਼ੀ ਹਨ, ਤਾਂਹੀ ਹਰ ਸਾਲ ਇੰਨਾਂ ਦਾ ਕੋਟਾ ਲਗਾਤਾਰ ਵਧਾਇਆ ਜਾ ਰਿਹਾ ਹੈ। ਇੰਨ੍ਹਾਂ ਦੇ ਸਿਰ ਤੋਂ ਜਿੱਥੇ ਕਨੇਡਾ ਹਰ ਸਾਲ ਬੀਲੀਅਨ ਡਾਲਰ ਇੱਕੱਠੇ ਕਰਦਾ ਹੈ ਉੱਥੇ ਹੀ ਪ੍ਰਾਈਵੇਟ ਕਾਲਜ ਤੇ ਯੂਨੀਵਰਸਿਟੀਆਂ ਅਰਬਾਪਤੀ ਬਣ ਰਹੇ ਹਨ, ਪਰ ਦੁਨੀਆ ਪੱਧਰ ਤੇ ਵੱਧ ਰਹੀ ਆਰਥਿਕ ਮੰਦੀ (ਰਿਸੈਸ਼ਨ) ਦੇ ਚੱਲਦਿਆਂ ਕਨੇਡਾ ਵਿੱਚ ਵੀ ਕੰਮ ਦੇ ਮੌਕੇ ਘੱਟ ਰਹੇ ਹਨ। ਬੇਰੁਜ਼ਗਾਰੀ ਦੀ ਦਰ 7% ਵਧੀ ਹੈ। ਨਵੇਂ ਆਉਣ ਵਾਲੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਜ਼ਿਆਦਾਤਰ ਤਾਂ ਸਾਲ ਭਰ ਤੋਂ ਵਿਹਲੇ ਬੈਠੇ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ । ਇਸ ਦੇ ਚੱਲਦਿਆਂ ਕੈਨੇਡੀਅਨ ਸਮਾਜ `ਚ ਵਿਰੋਧਤਾਈਆਂ ਤਿੱਖੀਆਂ ਹੋ ਰਹੀਆਂ ਹਨ। ਵੱਡੀਆਂ ਟਰੱਕਿੰਗ ਕੰਪਨੀਆਂ ਸਮੇਤ ਹੋਰ ਬਹੁਤ ਸਾਰੇ ਬਿਜਨਸ ਬੈਂਕ ਕਰੱਪਸੀਆਂ ਵੀ ਫ਼ਾਇਲ ਕਰ ਰਹੇ ਹਨ। ਕਨੇਡਾ ਵਿੱਚ ਅਗਲੇ ਸਾਲ ਵੋਟਾਂ ਹਨ । ਜਿਆਦਾਤਰ ਕੈਨੇਡੀਅਨ ਮੌਜੂਦਾ ਲਿਬਰਲ ਪਾਰਟੀ (ਜਸਟਿਸ ਟਰੂਡੋ) ਤੋਂ ਖੁਸ਼ ਨਹੀਂ ਹਨ ਤੇ ਉਹ ਸਮਝਦੇ ਹਨ ਕਿ ਕਨੇਡਾ ਜਿਨ੍ਹਾਂ ਮੁਸ਼ਕਿਲਾਂ ਵਿੱਚ ਫਸਿਆ ਹੋਇਆ ਹੈ, ਉਸ ਦੀ ਜ਼ਿੰਮੇਵਾਰ ਇਹ ਪਾਰਟੀ ਹੈ। ਦੂਜੇ ਨੰਬਰ ਦੀ ਕੰਜਰਵੇਟਿਵ ਪਾਰਟੀ ਸੱਤਾ ਵਿੱਚ ਆਓਣ ਲਈ ਤਰਲੋਮੱਛੀ ਹੋ ਰਹੀ ਹੈ। ਇਹ ਦੋਵੇਂ ਪਾਰਟੀਆਂ ਸਿੱਧੇ ਅਸਿੱਧੇ ਤੌਰ ਤੇ ਕਨੇਡਾ ਦੇ ਇੰਨਾਂ ਹਾਲਤਾਂ ਲਈ ਪਰਵਾਸੀਆਂ ਨੂੰ ਦੋਸ਼ੀ ਬਣਾ ਕੇ ਪੇਸ਼ ਕਰ ਰਹੇ ਹਨ। ਸ਼ੋਸ਼ਲ ਮੀਡੀਆ ਤੇ ਹੋਰ ਮੀਡੀਆ ਰਾਹੀਂ ਇਹ ਭੰਬਲਭੂਸਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਵਾਸੀਆਂ ਨੇ ਤੁਹਾਡੀਆਂ ਨੌਕਰੀਆਂ ਖੋਹ ਲਈਆ ਹਨ, ਘਰਾਂ ਦੀ ਘਾਟ ਲਈ ਵੀ ਇਹ ਹੀ ਜ਼ਿੰਮੇਵਾਰ ਹਨ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਝੂਠ ਬੋਲੇ ਜਾ ਰਹੇ ਹਨ। ਜਿਸ ਨਾਲ ਕਨੇਡਾ ਵਿੱਚ ਰੰਗ ਨਸਲ ਦੇ ਅਧਾਰ ਤੇ ਨਫ਼ਰਤ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਦਾ ਸਭ ਤੋਂ ਵੱਧ ਸ਼ਿਕਾਰ ਅੰਤਰ ਰਾਸ਼ਟਰੀ ਵਿਦਿਆਰਥੀ ਬਣ ਰਹੇ ਹਨ ।
