ਭਾਜਪਾ ਦੇ ਮਾੜੇ ਸ਼ਾਸਨ ਕਾਰਨ ਜੰਮੂ ’ਚ ਅਤਿਵਾਦ ਸੁਰਜੀਤ ਹੋਇਆ: ਉਮਰ ਅਬਦੁੱਲਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 11 September, 2024, 09:43 AM

ਭਾਜਪਾ ਦੇ ਮਾੜੇ ਸ਼ਾਸਨ ਕਾਰਨ ਜੰਮੂ ’ਚ ਅਤਿਵਾਦ ਸੁਰਜੀਤ ਹੋਇਆ: ਉਮਰ ਅਬਦੁੱਲਾ
ਜੰਮੂ/ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਥਿਤ ਦੋਸ਼ ਲਾਇਆ ਕਿ ਭਾਜਪਾ ਦੇ ‘ਮਾੜੇ ਪ੍ਰਬੰਧਾਂ’ ਕਾਰਨ ‘ਸ਼ਾਂਤਮਈ ਜੰਮੂ-ਕਸ਼ਮੀਰ ਵਿੱਚ ਅਤਿਵਾਦ ਸੁਰਜੀਤ’ ਹੋਇਆ ਹੈ। ਅਬਦੁੱਲਾ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਆਪਣੀ ਗੱਠਜੋੜ ਸਹਿਯੋਗੀ ਕਾਂਗਰਸ ਨਾਲ ਮਿਲ ਕੇ ਜੰਮੂ-ਕਸ਼ਮੀਰ ਵਿੱਚ ਸਰਕਾਰ ਬਣਾਉਣ ਮਗਰੋਂ ਇਸ ਖੇਤਰ ਨੂੰ ਇੱਕ ਵਾਰ ਫਿਰ ਅਤਿਵਾਦ ਮੁਕਤ ਕਰਨਾ ਯਕੀਨੀ ਬਣਾਏਗੀ। ਕਿਸ਼ਤਵਾੜ ਜ਼ਿਲ੍ਹੇ ਦੇ ਪਦਾਰ-ਨਾਗਸੈਨੀ ਹਲਕੇ ਵਿੱਚ ਇੱੱਕ ਚੋਣ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਭਾਜਪਾ ਦੀ ‘ਡਬਲ ਇੰਜਣ’ ਦੀ ਆਲੋਚਨਾ ਕੀਤੀ ਅਤੇ ਕਥਿਤ ਦੋਸ਼ ਲਾਇਆ ਕਿ ਇਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਉਣ, ਤਬਾਹੀ ਮਚਾਉਣ ਤੇ ਨਿਰਾਸ਼ਾ ਫੈਲਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਇਸੇ ਦੌਰਾਨ ਉਮਰ ਅਬਦੁੱਲਾ ਦੇ ਬੇਟੇ ਜ਼ਹੀਰ ਅਬਦੁੱਲਾ ਅਤੇ ਜ਼ਮੀਰ ਅਬਦੁੱਲਾ ਅੱਜ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਜੈ ਕੁਮਾਰ ਸਧੋਤਰਾ ਦੇ ਹੱਕ ’ਚ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਸਾਬਕਾ ਮੰਤਰੀ ਸਧੋਤਰਾ ਨੇ ਅੱਜ ਜੰਮੂੁ ਉੱਤਰੀ ਸੀਟ ਤੋਂ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਪਲੌਰਾ ਤੋਂ ਜਾਨੀਪੁਰ ਤੱਕ ਰੋਡ ਸ਼ੋਅ ਕੀਤਾ। ਦੂਜੇ ਪਾਸੇ ਪੀਪਲਜ਼ ਡੈਮੇਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਆਖਿਆ ਕਿ ਸਿਰਫ ਉਨ੍ਹਾਂ ਦੀ ਪਾਰਟੀ ਹੀ ਕਸ਼ਮੀਰ ਮੁੱਦੇ ਹੱਲ ਦੀ ਵਕਾਲਤ ਕਰਦੀ ਹੈ ਅਤੇ ‘ਜੇਲ੍ਹਾਂ ’ਚ ਸੜ ਰਹੇ’ ਨੌਜਵਾਨਾਂ ਲਈ ਆਵਾਜ਼ ਚੁੱਕਦੀ ਹੈ। ਉਨ੍ਹਾਂ ਨੇ ਜੇਲ੍ਹ ’ਚ ਬੰਦ ਬਾਰਾਮੁੱਲਾ ਤੋਂ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਦੀ ਅਵਾਮੀ ਇਤੇਹਾਦ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਇੱਕ ਵਿਅਕਤੀ ਜੇਲ੍ਹ ਵਿਚੋਂ ਚੋਣਾਂ ਲੜ ਰਿਹਾ ਹੈ ਜਦਕਿ ਗਰੀਬ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਜੇਲ੍ਹਾਂ ਅੰਦਰ ਬੰਦ ਉਨ੍ਹਾਂ ਦੇ ਬੱਚਿਆਂ ਨਾਲ ਮਿਲਣ ਦੀ ਆਗਿਆ ਨਹੀਂ ਹੈ।