ਪੰਜਾਬ ਸਰਕਾਰ ਨੇ ਪੰਜਾਬ ਤੇ ਚੰਡੀਗੜ੍ਹ ਵਿਖੇ ਸਥਿਤ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ

ਦੁਆਰਾ: News ਪ੍ਰਕਾਸ਼ਿਤ :Thursday, 20 April, 2023, 06:22 PM

ਸਵੇਰੇ ਜਲਦੀ ਦਫ਼ਤਰ ਖੁੱਲ੍ਹਣ ਨਾਲ ਅੱਤ ਦੀ ਗਰਮੀ ਦੌਰਾਨ ਬਿਜਲੀ ਦੀ ਖਪਤ ਵਿੱਚ ਆਵੇਗੀ ਕਮੀ

ਚੰਡੀਗੜ੍ਹ, 20 ਅਪ੍ਰੈਲ

ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਵਿਖੇ ਸਥਿਤ ਆਪਣੇ ਸਾਰੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਇਹ ਫ਼ੈਸਲਾ ਅੱਤ ਦੀ ਗਰਮੀ ਦੌਰਾਨ ਬਿਜਲੀ ਦੀ ਖਪਤ ਨੂੰ ਘਟਾਉਣ ਅਤੇ ਦਫ਼ਤਰਾਂ ਵਿੱਚ ਬਿਹਤਰ ਤਾਲਮੇਲ ਅਤੇ ਨਿਯੰਤਰਣ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।

ਹੁਣ 2 ਮਈ, 2023 ਤੋਂ ਸਾਰੇ ਸਰਕਾਰੀ ਦਫ਼ਤਰ ਸਵੇਰੇ 07:30 ਵਜੇ ਖੁੱਲ੍ਹਣਗੇ ਅਤੇ ਦੁਪਹਿਰ 02:00 ਵਜੇ ਬੰਦ ਹੋਣਗੇ। ਇਹ ਸਮਾਂ ਸਾਰਣੀ 15 ਜੁਲਾਈ, 2023 ਤੱਕ ਲਾਗੂ ਰਹੇਗੀ। ਇਹ ਬਦਲਿਆ ਨਵਾਂ ਸਮਾਂ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਅਤੇ ਹੋਰ ਮੁੱਖ ਦਫ਼ਤਰਾਂ ਸਮੇਤ ਸਾਰੇ ਦਫ਼ਤਰਾਂ ਵਿੱਚ ਇਕਸਾਰ ਲਾਗੂ ਹੋਵੇਗਾ।

ਗਰਮੀਆਂ ਵਿੱਚ ਬਿਜਲੀ ਦੀ ਮੰਗ ਬਹੁਤ ਜਿਆਦਾ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਦਫ਼ਤਰ ਖੁੱਲ੍ਹਣ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਨਾਲ ਬਿਜਲੀ ਦੀ ਖਪਤ ਵਿੱਚ ਕਾਫ਼ੀ ਕਮੀ ਆਉਣ ਦੀ ਉਮੀਦ ਹੈ।

ਪੰਜਾਬ ਸਰਕਾਰ ਵੱਲੋਂ ਦਫ਼ਤਰਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਮੁਲਾਜ਼ਮਾਂ ਨੂੰ ਸਹਿਯੋਗ ਦੇਣ ਅਤੇ ਨਵੇਂ ਸਮੇਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸੂਬਾ ਸਰਕਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਦਫ਼ਤਰਾਂ ਦੇ ਬਦਲੇ ਹੋਏ ਨਵੇਂ ਸਮੇਂ ਦਾ ਧਿਆਨ ਰੱਖਣ ਅਤੇ ਉਸ ਅਨੁਸਾਰ ਹੀ ਆਪਣੇ ਕੰਮਕਾਜ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਕਰਨ।
——–



Scroll to Top