ਹਿਮਾਚਲ ਪ੍ਰਦੇਸ਼ ਵਿਚ ਬਾਰਸ਼ ਨਾ ਰੁਕਣ ਕਰਕੇ ਕਈ ਜਿ਼ਲ੍ਹਿਆਂ ਵਿਚ ਤਬਾਹੀ ਹੀ ਤਬਾਹੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 07 September, 2024, 06:53 PM

ਹਿਮਾਚਲ ਪ੍ਰਦੇਸ਼ ਵਿਚ ਬਾਰਸ਼ ਨਾ ਰੁਕਣ ਕਰਕੇ ਕਈ ਜਿ਼ਲ੍ਹਿਆਂ ਵਿਚ ਤਬਾਹੀ ਹੀ ਤਬਾਹੀ
ਸਿ਼ਮਲਾ : ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਵਿਚ ਬਾਰਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਕਾਰਨ ਹਰ ਪਾਸੇ ਤਬਾਹੀ ਨਜ਼ਰ ਆ ਰਹੀ ਹੈ। ਹਾਲਾਤ ਵੇਖਦੇ ਹੋਏ ਸੂਬੇ ਦੇ ਪੰਜ ਜ਼ਿਲ੍ਹਿਆਂ ਲਈ ਫਲੈਸ਼ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਜ਼ਿਲ੍ਹਾ ਸਿਰਮੌਰ ਅਤੇ ਮੰਡੀ ਦੇ ਕੁਝ ਖੇਤਰ ਹਾਈ ਰਿਸਕ ਜ਼ੋਨ ਵਿੱਚ ਹਨ। ਇਸ ਤੋਂ ਇਲਾਵਾ 7 ਸਤੰਬਰ ਨੂੰ 5 ਜ਼ਿਲ੍ਹਿਆਂ ਲਈ ਗਰਜ ਅਤੇ ਬਾਰਸ਼ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ 8 ਸਤੰਬਰ ਤੋਂ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ 8 ਘੰਟਿਆਂ ਤੱਕ ਪੰਜ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੋਲਨ, ਸਿਰਮੌਰ, ਸ਼ਿਮਲਾ, ਮੰਡੀ ਅਤੇ ਬਿਲਾਸਪੁਰ ਜ਼ਿਲ੍ਹਿਆਂ ਲਈ ਫਲੈਸ਼ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁੱਲੂ, ਮੰਡੀ, ਸੋਲਨ, ਸਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੀ ਨੈਣਾ ਦੇਵੀ ਵਿੱਚ ਸਭ ਤੋਂ ਵੱਧ 16 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਭਰਵਾਈ ਅਤੇ ਓਲਿੰਡਾ ਵਿੱਚ 7 ਸੈਂਟੀਮੀਟਰ, ਦੇਹਰਾ ਗੋਪੀਪੁਰ ਵਿੱਚ 6 ਸੈਂਟੀਮੀਟਰ, ਬੀਬੀਐਮਬੀ ਵਿੱਚ 6 ਸੈਂਟੀਮੀਟਰ, ਧਰਮਸ਼ਾਲਾ ਵਿੱਚ 5 ਸੈਂਟੀਮੀਟਰ, ਪਾਲਮਪੁਰ ਵਿੱਚ 3 ਸੈਂਟੀਮੀਟਰ, ਭਰਮੌਰ ਵਿੱਚ 3 ਸੈਂਟੀਮੀਟਰ, ਖਿਦਰਾਲਾ ਵਿੱਚ 2 ਸੈਂਟੀਮੀਟਰ, ਸਰਾਹਨਾ ਵਿੱਚ 2 ਸੈਂਟੀਮੀਟਰ, ਨਦੌਨ, ਜੋਗਿੰਦਰਨਗਰ ਵਿੱਚ 2 ਸੈਂਟੀਮੀਟਰ, ਕਸੌਲੀ ਵਿੱਚ 2 ਸੈਂਟੀਮੀਟਰ, ਕਾਂਗੜਾ ਵਿੱਚ 2 ਸੈਂਟੀਮੀਟਰ ਅਤੇ ਹੋਰ ਥਾਵਾਂ ’ਤੇ 1 ਸੈਂਟੀਮੀਟਰ ਜਾਂ ਇਸ ਤੋਂ ਘੱਟ ਮੀਂਹ ਦਰਜ ਕੀਤਾ ਗਿਆ।