ਜਦੋਂ ਡਾ. ਮਨਮੋਹਨ ਸਿੰਘ ਨੇ ਰਾਹੁਲ ਦੀ ਅਗਵਾਈ ’ਚ ਕੰਮ ਕਰਨ ਦੀ ਜਤਾਈ ਸੀ ਇੱਛਾ

ਜਦੋਂ ਡਾ. ਮਨਮੋਹਨ ਸਿੰਘ ਨੇ ਰਾਹੁਲ ਦੀ ਅਗਵਾਈ ’ਚ ਕੰਮ ਕਰਨ ਦੀ ਜਤਾਈ ਸੀ ਇੱਛਾ
ਨਵੀਂ ਦਿੱਲੀ : ਕਾਂਗਰਸ ਪਾਰਟੀ ਅਤੇ ਨਾਲ ਹੀ ‘ਇੰਡੀਆ’ ਗੱਠਜੋੜ ਵਿਚ ਲਗਾਤਾਰ ਉੱਚੇ ਉੱਠਦੇ ਜਾ ਰਹੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਰੁਤਬੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਉਨ੍ਹਾਂ ਦੀ ਅਗਵਾਈ ਸਬੰਧੀ 11 ਸਾਲ ਪਹਿਲਾਂ ਪ੍ਰਧਾਨ ਮੰਤਰੀ ਹੁੰਦਿਆਂ ਕੀਤੀ ਗਈ ਇਕ ਪੋਸਟ ਨੇ ਸੋਸ਼ਲ ਮੀਡੀਆ ਉਤੇ ਹੱਲਾ ਮਚਾਇਆ ਹੋਇਆ ਹੈ। ਸੋਸ਼ਲ ਮੀਡੀਆ ਉਤੇ ਵਾਇਰਲ ਸ਼ਨਿੱਚਰਵਾਰ ਨੂੰ ਇਸ ਟਵੀਟ ਵਿਚ ਸਾਬਕਾ ਡਾ. ਮਨਮੋਹਨ ਸਿੰਘ, ਰਾਹੁਲ ਦੀ ਲੀਡਰਸ਼ਿਪ ਦੀ ਤਾਈਦ ਕਰਦੇ ਅਤੇ ਇਸ ਨੂੰ ਸਰਾਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ (ਉਦੋਂ ਟਵਿੱਟਰ) ਉਤੇ ਇਹ ਪੋਸਟ ਅੱਜ ਤੋਂ ਪੂਰੇ 11 ਸਾਲ ਪਹਿਲਾਂ 7 ਸਤੰਬਰ, 2013 ਨੂੰ ਪਾਈ ਸੀ। ਇਸ ਵਿਚ ਉਨ੍ਹਾਂ ਲਿਖਿਆ ਹੈ: ‘‘ਮੈਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਲਈ ਕੰਮ ਕਰਦਿਆਂ ਖ਼ੁਸ਼ੀ ਮਹਿਸੂਸ ਕਰਾਂਗਾ।ਸਾਬਕਾ ਪ੍ਰਧਾਨ ਮੰਤਰੀ ਵੱਲੋਂ ਯੂਪੀਏ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਕੀਤੀ ਗਈ ਇਸ ਟਵੀਟ ਨੇ ਇੰਟਰਨੈੱਟ ਵਰਤੋਂਕਾਰਾਂ ਦਾ ਧਿਆਨ ਵੱਡੇ ਪੱਧਰ ’ਤੇ ਆਪਣੇ ਵੱਲ ਖਿੱਚਿਆ ਹੈ ਅਤੇ ਉਹ ਇਸ ਸਬੰਧੀ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਡਾ. ਮਨਮੋਹਨ ਸਿੰਘ ਦੀ ਇਸ ਪੋਸਟ ਲਈ ਨਿਖੇਧੀ ਕਰਦੇ ਅਤੇ ਇਸ ਨੂੰ ‘ਪਰਿਵਾਰਵਾਦ ਦੀ ਗੁਲਾਮੀ’ ਤੱਕ ਕਹਿੰਦੇ ਦਿਖਾਈ ਦਿੱਤੇ।
