ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਦੇ ਸੱਦੇ ਤੇ ਹੋਈਆਂ ਸਮੁੱਚੇ ਗੇਟਾਂ ਤੇ ਭਰਵੀਆਂ ਰੈਲੀਆਂ

ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਦੇ ਸੱਦੇ ਤੇ ਹੋਈਆਂ ਸਮੁੱਚੇ ਗੇਟਾਂ ਤੇ ਭਰਵੀਆਂ ਰੈਲੀਆਂ
ਪਟਿਆਲਾ : ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਦੇ ਸੱਦੇ ਤੇ 27 ਡਿਪੂਆਂ ਵਿੱਚ ਵਰਕਰਾਂ ਦੀਆਂ ਮੰਗਾਂ ਅਤੇ ਟਰਾਂਸਪੋਰਟ ਅਦਾਰੇ ਵੱਲ ਸਰਕਾਰ ਦੀ ਬੇਰੁਖੀ ਵਾਲੇ ਰਵਈਏ ਨੂੰ ਲੈ ਕੇ ਸਾਰੇ ਗੇਟਾਂ ਤੇ ਭਰਵੀਆਂ ਰੈਲੀਆਂ ਕੀਤੀਆਂ ਗਈਆਂ। ਇਸ ਸੱਦੇ ਤੇ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਦੇ ਵਰਕਸ਼ਾਪ ਦੇ ਗੇਟ ਉਪਰ ਬੜੀ ਹੀ ਰੋਹ ਭਰਪੂਰ ਰੈਲੀ ਕੀਤੀ ਗਈ। ਜਿਸ ਵਿੱਚ ਡਿਪੂ ਦੇ ਸੈਂਕੜੇ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਰੈਲੀ ਨੂੰ ਐਕਸ਼ਨ ਕਮੇਟੀ ਦੇ ਨੁਮਾਇੰਦਿਆ ਸਰਵ ਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਬਹਾਦਰ ਸਿੰਘ, ਜਰਨੈਲ ਸਿੰਘ, ਮਨਜਿੰਦਰ ਕੁਮਾਰ ਬੱਬੂ ਸ਼ਰਮਾ, ਮੋਹਿੰਦਰ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਬਠਿੰਡਾ ਡਿਪੂ, ਸੰਗਰੂਰ, ਬੁੱਢਲਾਡਾ, ਫਰੀਦਕੋਟ, ਕਪੂਰਥਲਾ, ਲੁਧਿਆਣਾ, ਬਰਨਾਲਾ ਅਤੇ ਚੰਡੀਗੜ੍ਹ ਡਿਪੂ ਵਿੱਚ ਵੀ ਭਰਵੀਂ ਹਾਜਰੀ ਵਾਲੀਆਂ ਸਫਲ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਵਿੱਚ ਸੱਦਾ ਦਿੱਤਾ ਗਿਆ ਕਿ ਜ਼ੋ ਐਕਸ਼ਨ ਕਮੇਟੀਆਂ ਵਲੋਂ ਵਿਸ਼ਾਲ ਸਾਂਝੀ ਰੈਲੀ ਬਸ ਸਟੈਂਡ ਲੁਧਿਆਣਾ ਤੇ ਹੋਣ ਜਾ ਰਹੀ ਹੈ ਉਸ ਵਿੱਚ ਦੋਨਾਂ ਅਦਾਰਿਆਂ ਤੇ ਭਾਰੀ ਗਿਣਤੀ ਵਿੱਚ ਕਰਮਚਾਰੀ ਸ਼ਮੂਲੀਅਤ ਕਰਨ ਤਾਂ ਕਿ ਪੰਜਾਬ ਸਰਕਾਰ ਦੇ ਕੰਨਾਂ ਵਿੱਚ ਕਰਮਚਾਰੀਆਂ ਦੀਆਂ ਜਾਇਜ ਮੰਗਾਂ, ਭਰਿਸ਼ਟਾਚਾਰ ਦਾ ਖਾਤਮਾ, ਪੰਜਾਬ ਸਰਕਾਰ ਦੀ ਇਨ੍ਹਾਂ ਅਦਾਰਿਆਂ ਨੂੰ ਖਤਮ ਕਰਨ ਦੀ ਨੀਤੀ ਦੇ ਸਬੰਧ ਵਿੱਚ ਅਵਾਜ ਪਹੁੰਚ ਸਕੇ। ਇਸ ਰੈਲੀ ਵਿੱਚ ਕਰਮਚਾਰੀਆਂ ਅਤੇ ਅਦਾਰੇ ਦੀ ਸਲਾਮਤੀ ਨਾਲ ਸਬੰਧਤ ਮੰਗਾਂ ਦਾ ਮੰਗ ਪੱਤਰ ਜਾਰੀ ਕਰਕੇ ਸਬੰਧਤ ਅਥਾਰਟੀਆਂ ਨੂੰ ਦਿੱਤਾ ਜਾਵੇਗਾ।
ਜਿਹਨਾਂ ਮੰਗਾਂ ਨੂੰ ਲੈ ਕੇ ਇਹ ਵਿਸ਼ਾਲ ਏਕਾ ਉਸਰਿਆ ਹੈ ਅਤੇ ਨਿਰੰਤਰ ਸੰਘਰਸ਼ ਦਾ ਸੰਕਲਪ ਲਿਆ ਗਿਆ ਉਹਨਾਂ ਵਿੱਚ ਕੰਟਰੈਕਟ ਵਰਕਰਾਂ ਦਾ ਨਿਰਦਈ ਤਰੀਕੇ ਨਾਲ ਕੀਤਾ ਜਾ ਰਿਹਾ ਸ਼ੋਸ਼ਣ ਬੰਦ ਕਰਕੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਵਿੱਚ ਕਰਮਵਾਰ 1800 ਅਤੇ 800 ਨਵੀਆਂ ਬੱਸਾਂ ਸਰਕਾਰੀ ਮਾਲਕੀ ਵਾਲੀਆਂ ਪਾਈਆਂ ਜਾਣ, ਟਰਾਂਸਪੋਰਟ ਮਾਫੀਆ ਖਤਮ ਕੀਤਾ ਜਾਵੇ, ਬੇਹੱਦ ਵਧ ਫੁੱਲ ਰਿਹਾ ਭਰਿਸ਼ਟਾਚਾਰ ਰੋਕਿਆ ਜਾਵੇ, ਕੰਟਰੈਕਟ ਵਰਕਰਾਂ ਦੀਆਂ ਤਨਖਾਹਾਂ ਵਿੱਚ ਇਕਸਾਰਤਾ ਲਿਆਂਦੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬਕਾਏ ਅਦਾ ਕੀਤੇ ਜਾਣ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾਵੇ, ਦੋਨਾਂ ਅਦਾਰਿਆਂ ਦੇ ਪ੍ਰਬੰਧਕੀ ਢਾਂਚੇ ਵਿੱਚ ਆਏ ਨਿਘਾਰ ਨੂੰ ਦੂਰ ਕਰਨਾ, ਆਰ.ਟੀ.ਏ. ਦਫਤਰਾਂ ਦੇ ਕੰਮ ਦੀ ਪੜਤਾਲ ਕਰਾਉਣਾ, ਬਲੈਕ ਲਿਸਟ ਵਰਗਾ ਗੈਰਕਾਨੂੰਨੀ ਤਰੀਕਾ ਬੰਦ ਕਰਨਾ, ਘੱਟੋਘੱਟ ਉਜਰਤ 26000/ ਰੁਪਏ ਕਰਨਾ, ਅਡਵਾਂਸ ਬੁਕਰਜ਼ ਦਾ ਕਮਿਸ਼ਨ ਵਧਾਉਣਾ, ਫਲਾਈਂਗ ਸਟਾਫ ਨੂੰ 5000/ ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣਾ, ਕਲੇਮ ਕੇਸਾਂ ਵਿੱਚ ਡਰਾਇਵਰਾਂ ਨੂੰ ਸਜਾਵਾ ਬੰਦ ਕਰਵਾਉਣਾ ਆਦਿ ਮੰਗਾਂ ਸ਼ਾਮਲ ਹਨ। ਪਟਿਆਲੇ ਦੀ ਅੱਜ ਦੀ ਰੈਲੀ ਵਿੱਚ ਜਿਹੜੇ ਹੋਰ ਆਗੂ ਮੰਚ ਤੇ ਹਾਜਰ ਸਨ ਉਹਨਾ ਵਿੱਚ ਸਰਵ ਸ੍ਰੀ ਗੁਰਵਿੰਦਰ ਗੋਲਡੀ, ਬਲਦੇਵ ਰਾਜ ਬੱਤਾ, ਅਮਨਦੀਪ ਸਿੰਘ, ਗੁਰਧਿਆਨ ਸਿੰਘ, ਨਸੀਬ ਚੰਦ ਅਤੇ ਰਮੇਸ਼ ਕੁਮਾਰ ਸ਼ਾਮਲ ਸਨ। ਸਟੇਜ਼ ਦੀ ਕਾਰਵਾਈ ਕਰਮਚੰਦ ਗਾਂਧੀ ਨੇ ਬਾਖੂਬੀ ਨਿਭਾਈ।
