ਮੁਲਾਜ਼ਮਾਂ ਨੇ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਕੀਤਾ ਪਿਟ ਸਿਆਪਾ

ਦੁਆਰਾ: News ਪ੍ਰਕਾਸ਼ਿਤ :Thursday, 20 April, 2023, 07:56 PM

ਮੰਗਾਂ ਨੂੰ ਲੈ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ

– 22 ਨੂੰ ਸਿਹਤ ਮੰਤਰੀ ਦਫਤਰ ਅੱਗੇ ਧਰਨਾ ਦੇਣ ਦਾ ਕੀਤਾ ਐਲਾਨ

ਪਟਿਆਲਾ, 20 ਅਪ੍ਰੈਲ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲਾ ਸ਼ਾਖਾ ਵੱਲੋਂ ਅੱਜ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਅਧਿਕਾਰੀਆਂ ਵੱਲੋਂ ਆਊਟ ਸੋਰਸ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਅੱਖੋ ਔਹਲੇ ਕਰਨ ‘ਤੇ ਪਿਟ ਸਿਆਪਾ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ 22 ਅਪ੍ਰੈਲ ਨੂੰ ਸਿਹਤ ਮੰਤਰੀ ਦੇ ਦਫ਼ਤਰ ਵਿਖੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਠੇਕੇਦਾਰਾਂ ਦੀ ਲੁੱਟ ਖਸੁੱਟ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ, ਤੇ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਹਸਪਤਾਲ ਕੰਪਲੈਕਸ ਵਿਖੇ ਰੈਲੀ ਕਰਕੇ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਸਿਹਤ ਮੰਤਰੀ ਦਾ ਧਿਆਨ ਮੁੜ ਦਿਵਾਉਣ ਲਈ 22 ਅਪ੍ਰੈਲ ਨੂੰ ਉਨ੍ਹਾਂ ਦੇ ਦਫਤਰ ਪੰਚਾਇਤ ਭਵਨ ਵਿਖੇ ਧਰਨਾ ਦੇ ਕੇ ਨਿਜੀ ਰਿਹਾਇਸ਼ੀ ਵੱਲ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ 15 ਅਪ੍ਰੈਲ ਨੂੰ ਮੰਤਰੀ ਨਾਲ ਟੈਲੀਫੋਨ ਤੇ ਹੋਈ ਗੱਲਬਾਤ ਦੌਰਾਨ ਭਰੋਸਾ ਦਿੱਤਾ ਗਿਆ ਸੀ ਕਿ ਮੈਡੀਕਲ ਸੁਪਰਡੈਂਟ ਨੂੰ ਕਿਹਾ ਗਿਆ ਹੈ ਕਿ ਮੰਗਾਂ ਤੇ ਗੱਲਬਾਤ ਕਰਕੇ ਨਿਪਟਾਰਾ ਕੀਤਾ ਜਾਵੇ ਪਰੰਤੂ ਮੰਤਰੀ ਦੇ ਆਦੇਸ਼ਾਂ ਨੂੰ ਵੀ ਅੱਖੋ ਪਰੋਖੇ ਕਰ ਦਿੱਤਾ ਹੈ। ਇਸ ਲਈ ਦਫਤਰ ਤੇ ਰਿਹਾਇਸ਼ੀ ਅੱਗੇ ਰੋਸ ਪ੍ਰਗਟ ਕਰਕੇ ਮਾਮਲਾ ਮੁੜ ਧਿਆਨ ਵਿੱਚ ਲਿਆਂਦਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੰਗਾਂ ਵਿਚੋਂ ਮੁੱਖ ਮੰਗਾਂ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨਾ, ਘੱਟੋ-ਘੱਟ ਉਜਰਤਾਂ ਤੇ ਸਾਲ 2020 ਤੇ 2022 ਦਾ ਬਕਾਇਆ ਦੀ ਅਦਾਇਗੀ ਕਰਵਾਉਣ, ਸਾਲ 2015 ਤੋਂ ਠੇਕੇਦਾਰ ਕਰਮਚਾਰੀਆਂ ਨੂੰ 8:33 ਦੇ ਬੋਨਸ ਦੀ ਅਦਾਇਗੀ ਨਹੀਂ ਕਰ ਰਹੇ। ਸਫਾਈ ਕਰਮੀਆਂ ਤੇ ਚੌਥਾ ਦਰਜਾ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਵਾਉਣਾ ਸਾਰੇ ਕੱਚੇ ਕਰਮੀ ਪੱਕੇ ਕਰਨੇ, ਈਪੀਐਫ ਦਾ ਹਿਸਾਬ ਦੇਣਾ ਆਦਿ ਸ਼ਾਮਲ ਹਨ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ, ਅਨਿਲ ਗਾਗਟ, ਜਗਤਾਰ ਬਾਬਾ, ਹਰਬੰਸ ਸਿੰਘ, ਦਰਸ਼ਨ ਮਲੇਵਾਲ, ਅਜੈ ਸਿੱਪਾ, ਅਰੁਣ ਕੁਮਾਰ, ਕਿਰਨ ਪਾਲ, ਸ਼ਾਮ ਸਿੰਘ, ਇੰਦਰਪਾਲ ਵਾਲਿਆ, ਪ੍ਰਕਾਸ਼ ਸਿੰਘ ਲੁਬਾਣਾ, ਸਤਿਨਰਾਇਣ ਗੋਨੀ, ਧਰਮਿੰਦਰ, ਤਰਲੋਚਨ ਮਾੜੂ, ਮਮਤਾਜ, ਸੁਨੀਤਾ, ਮੀਨੂੰ, ਤਰਲੋਚਨ ਮੰਡੋਲੀ, ਹਰਜੀਤ ਕੌਰ ਆਦਿ ਹਾਜਰ ਸਨ।
ਹਸਪਤਾਲ ਵਿਖੇ ਰੋਸ਼ ਵਜੋਂ ਨਾਅਰੇਬਾਜ਼ੀ ਕਰਦੇ ਮੁਲਾਜ਼ਮ ਆਗੂ।



Scroll to Top