ਮੋਦੀ ਵੱਲੋਂ ਅਬੂ ਧਾਬੀ ਦੇ ਸ਼ਹਿਜ਼ਾਦੇ ਨਾਲ ਗੱਲਬਾਤ
ਮੋਦੀ ਵੱਲੋਂ ਅਬੂ ਧਾਬੀ ਦੇ ਸ਼ਹਿਜ਼ਾਦੇ ਨਾਲ ਗੱਲਬਾਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਬੂ ਧਾਬੀ ਦੇ ਸ਼ਹਿਜ਼ਾਦੇ ਸ਼ੇਖ਼ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਰਣਨੀਤਕ ਰਿਸ਼ਤਿਆਂ ਨੂੰ ਹੁੁਲਾਰਾ ਦੇਣ ਦੇ ਇਰਾਦੇ ਨਾਲ ਅੱਜ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਇਸ ਦੌਰਾਨ ਭਾਰਤ ਤੇ ਸੰਯੁਕਤ ਅਰਬ ਅਮੀਰਾਤ ਨੇ ਊਰਜਾ ਸਹਿਯੋਗ ਦਾ ਘੇਰਾ ਵਧਾਉਣ ਲਈ ਚਾਰ ਸਮਝੌਤੇ ਵੀ ਸਹੀਬੰਦ ਕੀਤੇ। ਦੋਵਾਂ ਆਗੂਆਂ ਨੇ ਗਾਜ਼ਾ ਦੇ ਹਾਲਾਤ ਸਣੇ ਆਲਮੀ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ। ਸਹੀਬੰਦ ਕੀਤੇ ਸਮਝੌਤਿਆਂ ਵਿਚ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਏਡੀਐੱਨਓਸੀ) ਤੇ ਭਾਰਤੀ ਤੇਲ ਨਿਗਮ ਲਿਮਟਿਡ ਵਿਚਾਲੇ ਲੌਂਗ ਟਰਮ ਐੱਲਐੱਨਜੀ ਦੀ ਸਪਲਾਈ ਅਤੇ ਏਡੀਐੱਨਓਸੀ ਤੇ ਇੰਡੀਆ ਸਟਰੈਟਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਦਰਮਿਆਨ ਹੋਇਆ ਕਰਾਰ ਵੀ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਅਮੀਰਾਤ ਨਿਊਕਲੀਅਰ ਪਾਵਰ ਕੰਪਨੀ ਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਨੇ ਬਾਰਾਕਾਹ ਪ੍ਰਮਾਣੂ ਪਾਵਰ ਪਲਾਂਟ ਦੇ ਅਪਰੇਸ਼ਨ ਤੇ ਸਾਂਭ-ਸੰਭਾਲ ਲਈ ਵੀ ਕਰਾਰ ਸਹੀਬੰਦ ਕੀਤਾ। ਚੌਥਾ ਸਮਝੌਤਾ ਊਰਜਾ ਭਾਰਤ ਤੇ ਏਡੀਐੱਨਓਸੀ ਵਿਚਾਲੇ ਹੋਇਆ। ਭਾਰਤ ਵਿਚ ਫੂਡ ਪਾਰਕਾਂ ਦੀ ਸਥਾਪਤੀ ਲਈ ਗੁਜਰਾਤ ਸਰਕਾਰ ਤੇ ਅਬੂ ਧਾਬੀ ਡਿਵੈਲਪਮੈਂਟਲ ਹੋਲਡਿੰਗ ਕੰਪਨੀ ਪੀਜੇਐੱਸਸੀ ਦਰਮਿਆਨ ਵੀ ਵੱਖਰੇ ਤੌਰ ’ਤੇ ਕਰਾਰ ਸਹੀਬੰਦ ਕੀਤਾ ਗਿਆ।