ਸੀ ਬੀ ਆਈ ਵੱਲੋਂ ਦਿੱਲੀ ਦੇ ਇੰਜਨੀਅਰ ਦੇ ਟਿਕਾਣੇ ’ਤੇ ਛਾਪਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 10 September, 2024, 09:13 AM

ਸੀਬੀਆਈ ਵੱਲੋਂ ਦਿੱਲੀ ਦੇ ਇੰਜਨੀਅਰ ਦੇ ਟਿਕਾਣੇ ’ਤੇ ਛਾਪਾ
ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਸੀਨੀਅਰ ਵਾਤਾਵਰਨ ਇੰਜਨੀਅਰ ਮੁਹੰਮਦ ਆਰਿਫ਼ ਦੇ ਘਰ ਛਾਪਾ ਮਾਰ ਕੇ 2.39 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਸੀਬੀਆਈ ਬੁਲਾਰੇ ਨੇ ਅੱਜ ਦੱਸਿਆ ਕਿ ਇਸ ਤੋਂ ਪਹਿਲਾਂ ਆਰਿਫ਼ ਨੂੰ 91,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੀਨੀਅਰ ਇੰਜਨੀਅਰ ਆਰਿਫ਼ ਅਤੇ ਰਿਸ਼ਵਤ ਦੇਣ ਵਾਲੇ ਕਿਸ਼ਲਯ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਲਈ ਲੋੜੀਂਦੀ ਰਸਮੀ ਕਾਰਵਾਈ ਕੀਤੀ ਜਾ ਰਹੀ ਹੈ। ਸੀਬੀਆਈ ਨੇ ਆਰਿਫ, ਕਿਸ਼ਲਯ ਸ਼ਰਨ, ਉਸ ਦੇ ਪਿਤਾ ਤੇ ਵਿਚੋਲੀਏ ਭਗਵਤ ਸ਼ਰਨ ਸਿੰਘ ਤੋਂ ਇਲਾਵਾ ਦੋ ਵਪਾਰੀਆਂ ਰਾਮ ਇਲੈਕਟਰੋਪਲੇਟਰਜ਼ ਦੇ ਮਾਲਕ ਰਾਜ ਕੁਮਾਰ ਚੁਘ ਅਤੇ ਐੱਮਵੀਐੱਮ ਦੇ ਗੋਪਾਲ ਨਾਥ ਕਪੂਰੀਆ ਖ਼ਿਲਾਫ਼ 8 ਸਤੰਬਰ ਨੂੰ ਕੇਸ ਦਰਜ ਕੀਤਾ ਸੀ। ਕੇਂਦਰੀ ਏਜੰਸੀ ਨੇ ਦੋਸ਼ ਲਾਇਆ ਕਿ ਆਰਿਫ਼ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਕੋਲੋਂ ਮਨਜ਼ੂਰੀਆਂ ਨਵਿਆਉਣ ਬਦਲੇ ਨਿੱਜੀ ਕੰਪਨੀਆਂ ਤੋਂ ਰਿਸ਼ਵਤ ਲੈਣ ਦੀ ਭ੍ਰਿਸ਼ਟ ਕਾਰਵਾਈ ਵਿੱਚ ਸ਼ਾਮਲ ਸੀ।