ਤਲਵੰਡੀ ਸਾਬੋ ’ਚ ਦੋਹਰਾ ਕਤਲ ਕਾਂਡ

ਤਲਵੰਡੀ ਸਾਬੋ ’ਚ ਦੋਹਰਾ ਕਤਲ ਕਾਂਡ
ਤਲਵੰਡੀ ਸਾਬੋ : ਪੰਜਾਬ ਦੇ ਸ਼ਹਿਰ ਤਲਵੰਡੀ ਸਾਬੋ ਦੇ ਨਜ਼ਦੀਕ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਇੱਕ ਪਿਓ ਪੁੱਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕਾਤਲ ਪਿੰਡ ਦੇ ਨਾਲ ਹੀ ਸੰਬੰਧਿਤ ਨੌਜਵਾਨ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਲਤੂ ਕੁੱਤੇ ਤੋਂ ਸ਼ੁਰੂ ਹੋਇਆ ਵਿਵਾਦ ਐਨਾ ਵੱਧ ਗਿਆ ਕਿ ਇਹ ਝਗੜਾ ਦੂਹਰੇ ਕਤਲ ਤੱਕ ਜਾ ਪਹੁੰਚਿਆ। ਮ੍ਰਿਤਕਾਂ ਦੀ ਪਛਾਣ 20 ਸਾਲਾਂ ਦਾ ਅਮਰੀਕ ਸਿੰਘ ਅਤੇ ਉਸਦੇ ਪਿਤਾ ਮੰਦਰ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ। ਕਾਤਲਾਂ ਨੇ ਪਹਿਲਾਂ ਅੱਧੀ ਰਾਤ ਨੂੰ ਅਮਰੀਕ ਸਿੰਘ ਨੂੰ ਘਰ ਦੇ ਗੇਟ ਤੇ ਬੁਲਾਇਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਦੋਂ ਮੰਦਰ ਸਿੰਘ ਆਪਣੇ ਪੁੱਤਰ ਨੂੰ ਬਚਾਉਣ ਦੇ ਲਈ ਅੱਗੇ ਆਇਆ ਤਾਂ ਕਾਤਲਾਂ ਨੇ ਉਸ ਦਾ ਵੀ ਕਤਲ ਕਰ ਦਿੱਤਾ। ਇੱਕ ਔਰਤ ਨੂੰ ਵੀ ਗੰਭੀਰ ਰੂਪ ਦੇ ਵਿੱਚ ਜਖਮੀ ਕਰ ਦਿੱਤਾ ਹੈ,ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੋਹਰੇ ਕਤਲ ਕਾਂਡ ਦੀ ਜਾਣਕਾਰੀ ਮਿਲਣ ਤੋਂ ਬਾਅਦ ਉੱਚ ਪੁਲਿਸ ਅਧਿਕਾਰੀਆਂ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ। ਪਿਓ ਪੁੱਤ ਨੂੰ ਜਦੋਂ ਬਠਿੰਡਾ ਦੇ ਸਿਵਲ ਹਸਪਤਾਲ ਲਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਵੱਲੋਂ ਕਾਤਲਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
