ਬਾਇਓ ਗੈਸ ਪਲਾਂਟਾਂ ਦੇ ਵਿਰੋਧ ਵਿਚ ਪੰਜਾਬ ਪੱਧਰੀ ਤਾਲਮੇਲ ਕਮੇਟੀ ਕਰੇਗੀ 10 ਨੂੰ ਦਿੱਲੀ -ਜੰਮੂ ਹਾਈਵੇ ਜਾਮ

ਦੁਆਰਾ: Punjab Bani ਪ੍ਰਕਾਸ਼ਿਤ :Sunday, 08 September, 2024, 06:52 PM

ਬਾਇਓ ਗੈਸ ਪਲਾਂਟਾਂ ਦੇ ਵਿਰੋਧ ਵਿਚ ਪੰਜਾਬ ਪੱਧਰੀ ਤਾਲਮੇਲ ਕਮੇਟੀ ਕਰੇਗੀ 10 ਨੂੰ ਦਿੱਲੀ -ਜੰਮੂ ਹਾਈਵੇ ਜਾਮ
ਜਲੰਧਰ : ਪੰਜਾਬ ਭਰ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟਾਂ ਦੇ ਵਿਰੋਧ ਲਈ ਸੰਘਰਸ਼ ਕਰ ਰਹੇ ਪਿੰਡਾਂ ਦੇ ਵਾਸੀਆਂ ਵੱਲੋਂ ਬਣਾਈ ਪੰਜਾਬ ਪੱਧਰ ਦੀ ਤਾਲਮੇਲ ਕਮੇਟੀ ਨੇ 10 ਤਰੀਕ ਨੂੰ ਦਿੱਲੀ -ਜੰਮੂ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਸਮਰਾਲਾ ਦੇ ਨੇੜਲੇ ਪਿੰਡ ਮੁਸਕਾਬਾਦ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਵਿਰੋਧੀ ਐਕਸ਼ਨ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਹਰ ਹਾਲ ਵਿੱਚ 10 ਸਤੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਤਾਲਮੇਲ ਕਮੇਟੀ ਦੇ ਫੈਸਲੇ ਤੱਕ ਪੰਜਾਬ ਭਰ ਦੇ ਲਗਭਗ 45 ਬਾਓ ਗੈਸ ਪਲਾਂਟਾਂ ਦੇ ਵਿਰੋਧ ਵਿੱਚ ਡਟੇ 20 ਹਜਾਰ ਤੋਂ ਵੱਧ ਵਿਅਕਤੀ ਇਸ ਜਾਮ ਵਿੱਚ ਸ਼ਮੂਲੀਅਤ ਕਰਨਗੇ। ਸਮਰਾਲਾ ਦੇ ਨਜਦੀਕ ਪਿੰਡ ਮੁਸ਼ਕਾਬਾਦ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਪਿਛਲੇ ਚਾਰ ਮਹੀਨੇ ਤੋ ਵੀ ਵੱਧ ਸਮੇਂ ਤੋਂ ਧਰਨੇ ’ਤੇ ਬੈਠੇ ਧਰਨਾਕਾਰੀਆਂ ਨੇ ਦੱਸਿਆ ਕਿ ਮੁਸ਼ਕਾਬਾਦ ਤੋਂ ਇਲਾਵਾ ਭੂੰਦੜੀ, ਅਖਾੜਾ, ਭੋਗਪੁਰ ਅਤੇ ਕਕਰਾਲਾ ਆਦਿ ਪਿੰਡਾਂ ਦੇ ਵਸਨੀਕ ਪੰਜਾਬ ਭਰ ਦੀਆਂ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਨਾਲ ਦਿੱਲੀ -ਜੰਮੂ ਹਾਈਵੇ ਠੱਪ ਕਰਨਗੀਆ। ਉਹਨਾਂ ਕਿਹਾ ਕਿ ਸਰਕਾਰ ਸਾਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹ ਆਪਣੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਲਈ ਅੜੇ ਹੋਏ ਹਨ।ਉਹਨਾਂ ਕਿਹਾ ਕਿ ਹੁਣ ਤੱਕ ਹੋਈਆਂ ਪ੍ਰਮੁੱਖ ਸਕੱਤਰ ਨਾਲ ਦੋ ਮੀਟਿੰਗਾਂ ਵਿੱਚ ਸਰਕਾਰ ਦੇ ਦੋ ਦਰਜਨ ਸਾਇੰਸਦਾਨ ਤਾਲਮੇਲ ਕਮੇਟੀ ਵੱਲੋਂ ਸਾਇੰਸਦਾਨ ਡਾਕਟਰ ਬਲਵਿੰਦਰ ਸਿੰਘ ਔਲਖ ਵੱਲੋਂ ਇਹਨਾਂ ਪਲਾਂਟਾਂ ਨਾਲ ਵਾਤਾਵਰਨ ਅਤੇ ਸਿਹਤ ਤੇ ਪੈਣ ਵਾਲੇ ਦੁਰ ਪ੍ਰਭਾਵ ਸਬੰਧੀ ਕੋਈ ਵੀ ਉਤਰ ਨਹੀਂ ਦੇ ਸਕੇ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਧਰਨਾ ਦੇਣ ਦੀ ਬਜਾਏ ਉਹਨਾਂ ਦੀ ਕਿਸੇ ਉੱਚ ਅਧਿਕਾਰੀ ਜਾਂ ਮੰਤਰੀ ਨਾਲ ਗੱਲ ਕਰਵਾਉਣ ਵਾਰੇ ਕਿਹਾ ਜਾ ਰਿਹਾ ਹੈ।