ਪਟਿਆਲਾ-ਸਨੌਰ ਰੋਡ ਦੱਖਣੀ ਬਾਈਪਾਸ 'ਤੇ ਰਾਤ ਸਮੇਂ ਲੋਕਾਂ 'ਤੇ ਲੁਟੇਰਾ ਗਿਰੋਹ ਵੱਲੋਂ ਘਾਤਕ ਹਮਲੇ

– ਲੰਘੀ ਰਾਤ ਘੇਰ ਕੇ ਹੋਈ ਦੋ ਵੱਖ-ਵੱਖ ਵਿਅਕਤੀਆਂ ਨੂੰ ਗੰਭੀਰ ਜ਼ਖਮੀ ਕਰਕੇ ਕੀਤੀ ਲੁੱਟਖੋਹ
– ਪੁਲਿਸ ਪ੍ਰਸਾਸਨ ਤੇ ਪੀਸੀਆਰ ਕੁੰਭਕਰਨੀ ਨੀਂਦ ਸੁੱਤੀ
ਪਟਿਆਲਾ : ਪਟਿਆਲਾ ਸਨੌਰ ਰੋਡ ‘ਤੇ ਦੱਖਣੀ ਬਾਈਪਾਸ ਜਿਸ ਦੇ ਕੁਝ ਹਿੱਸਿਆਂ ‘ਤੇ ਲੋਕ ਰਾਤ ਸਮੇਂ ਘਾਤਕ ਹਮਲਿਆਂ ਦਾ ਸਿਕਾਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਇਹ ਘਾਤਕ ਹਮਲੇ ਜਿਆਦਾਤਰ ਸਨੌਰ-ਪਟਿਆਲਾ ਅਤੇ ਦੇਵੀਗੜ੍ਹ ਰੋਡ ਬਾਈਪਾਸ ਤੋਂ ਉਤਰਨ ਵਾਲੇ ਸਲਿਪ ਰੋਡ ‘ਤੇ ਹੋ ਰਹੇ ਹਨ। ਇਨ੍ਹਾ ਹੀ ਨਹੀਂ ਇਨ੍ਹਾਂ ਥਾਵਾਂ ‘ਤੇ ਰਾਤ ਸਮੇਂ ਲੁਟੇਰਾ ਕਿਸਮ ਦੇ ਲੋਕ ਘਾਤਕ ਹਥਿਆਰਾਂ ਨਾਲ ਲੈਸ ਹੋ ਕੇ ਖੜਦੇ ਹਨ। ਇਨ੍ਹਾਂ ਦਾ ਨਿਸਾਨਾ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਘੇਰ ਕੇ ਕੁੱਟਮਾਰ ਕਰਨੀ ਅਤੇ ਫਿਰ ਲੁੱਟ ਕਰਕੇ ਸਭ ਕੁਝ ਖੋਹ ਲੈਣਾ ਹੈ।
ਲੰਘੀ ਰਾਤ 10 ਵਜੇ ਦੇ ਕਰੀਬ ਕੈਟਲ ਸਕੂਲ ਦੇ ਨਜਦੀਕ ਸਨੌਰ ਟੂ ਪਟਿਆਲਾ ਰੋਡ ‘ਤੇ ਇਸ ਵਾਰਦਾਤ ਦਾ ਸਿਕਾਰ ਹੋਏ ਰਿੰਕੂ ਕੁਮਾਰ (38 ਸਾਲ) ਵਾਸੀ ਸੰਤ ਹਜਾਰਾ ਸਿੰਘ ਨਗਰ ਸਨੌਰ ਨੇ ਦੱਸਿਆ ਕਿ ਮੈਂ ਹਰ ਰੋਜ ਦੀ ਤਰਾਂ ਪਟਿਆਲਾ ਸਹਿਰ ਆਪਣੇ ਕੰਮ ਡੱਬਾ ਫੈਕਟਰੀ ਤੋ ਆਪਣੀ ਸਾਈਕਲ ‘ਤੇ ਘਰ ਪਰਤ ਰਿਹਾ ਸੀ, ਜਦੋ ਮੈਂ ਸਨੋਰ ਰੋਡ ਕੈਟਲ ਸਕੂਲ ਕੋਲ ਪਹੁੰਚਿਆਂ ਤਾਂ ਅਚਾਨਕ ਇੱਕ ਮੋਟਰਸਾਈਕਲ ਸਵਾਰ 3 ਵਿਅਕਤੀਆਂ ਨੇ ਜਿਨ੍ਹਾਂ ਨੇ ਹੱਥਾਂ ਵਿੱਚ ਡੰਡੇ ਫੜੇ ਹੋਏ ਸਨ, ਨੇ ਮੇਰੇ ‘ਤੇ ਅੰਨ੍ਹੇਵਾਹ ਵਾਰ ਕਰ ਦਿੱਤਾ, ਜਿਸ ਕਰਕੇ ਮੈਂ ਸੜਕ ਤੇ ਡਿੱਗ ਪਿਆ ਅਤੇ ਉਹ ਮੇਰਾ ਮੋਬਾਇਲ ਅਤੇ ਪਰਸ ਜਿਸ ਵਿੱਚ ਮੇਰਾ ਤਕਰੀਬਨ 1200 ਰੁਪਏ ਸਨ, ਉਹ ਲੈ ਕੇ ਫਰਾਰ ਹੋ ਗਏ। ਇਸਤੋਂ ਬਾਅਦ ਇੱਥੋ ਲੰਘ ਰਹੇ ਕੁਝ ਲੋਕਾਂ ਨੇ ਮੈਨੂੰ ਲਹੁ ਲੁਹਾਨ ਹਾਲਤ ਵਿੱਚ ਸੜਕ ‘ਤੇ ਪਏ ਨੂੰ ਦੇਖ ਕੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ।
ਜਾਣਕਾਰੀ ਅਨੁਸਾਰ ਇਸੇ ਰਾਤ ਇਨ੍ਹਾਂ ਲੋਕਾਂ ਨੇ ਇੱਕ ਹੋਰ ਰਾਹਗੀਰ ਜੋ ਸੜਕ ‘ਤੇ ਪੈਦਲ ਜਾ ਰਿਹਾ ਸੀ, ਨੂੰ ਵੀ ਡੰਡੇ ਮਾਰ ਕੇ ਜਖਮੀ ਕਰ ਦਿੱਤਾ। ਉਸ ਨੂੰ ਵੀ ਸਥਾਨਕ ਲੋਕਾਂ ਨੇ ਇਲਾਜ ਲਈ ਹਸਪਤਾਲ ਭਰਤੀ ਹੈ। ਇਸ ਦੀ ਇਤਲਾਹ ਥਾਣਾਂ ਸਨੌਰ ਨੂੰ ਦੇ ਦਿੱਤੀ ਹੈ। ਰਿੰਕੂ ਕੁਮਾਰ ਤੇ ਹੋਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੋਕ ਰਾਤ ਸਮੇ ਅਕਸਰ ਹੀ ਇਥੋ ਸ਼ਹਿਰ ਆਪਣੇ ਕੰਮਾਂ ਤੋ ਆਪਣੇ ਘਰ ਜਾਂਦੇ ਹਨ। ਇਹ ਕੰਮ ਨਸੇੜੀ ਲੋਕਾਂ ਦਾ ਲੱਗਦਾ ਹੈ। ਪੁਲਿਸ ਪ੍ਰਸਾਸਨ ਨੂੰ ਇਸ ਨੂੰ ਸਖਤੀ ਨਾਲ ਲੈਣਾਂ ਚਾਹੀਦਾ ਹੈ ਤਾਂ ਜੋ ਅੱਗੇ ਤੋ ਅਜਿਹੀ ਵਾਰਦਾਤ ਨੂੰ ਕੋਈ ਅੰਜਾਮ ਨਾ ਦੇ ਸਕੇ ਅਤੇ ਲੋਕ ਬੇਖੌਫ ਇਥੋ ਲੰਘਦੇ ਰਹਿਣ। ਪੀੜਤ ਲੋਕਾਂ ਦਾ ਕਹਿਣਾ ਹੈ ਕੇ ਇਹ ਲੋਕ ਰਾਤ ਸਮੇਂ ਟੌਲੀਆਂ ਬਣਾ ਕੇ ਬਾਈਪਾਸ ਦੇ ਨੇੜੇ ਤੇੜੇ ਖੜਦੇ ਹਨ। ਜਦੋਂ ਕੋਈ ਇਕੱਲਾ ਜਾਂ 2 ਵਿਅਕਤੀ ਰੋਡ ਤੋਂ ਲੰਘਦੇ ਹਨ ਤਾਂ ਇਹ ਤੁਰੰਤ ਪਿਛੋਂ ਦੀ ਜਾ ਕੇ ਉਨਾਂ ਤੇ ਵਾਰ ਕਰਦੇ ਹਨ ਤੇ ਜਦੋਂ ਉਹ ਵਿਅਕਤੀ ਡਿੱਗ ਪੈਦਾਂ ਹੈ ਤਾਂ ਇਹ ਉਨਾਂ ਦੀ ਲੁੱਟ ਮਾਰ ਕਰਕੇ ਭੱਜ ਜਾਂਦੇ ਹਨ।
