ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਐਸ. ਡੀ. ਐਮ ਵਿਨੀਤ ਕੁਮਾਰ ਵੱਲੋਂ ਐਸ. ਟੀ. ਪੀ ਦਾ ਜਾਇਜ਼ਾ

ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਐਸ.ਡੀ.ਐਮ ਵਿਨੀਤ ਕੁਮਾਰ ਵੱਲੋਂ ਐਸ.ਟੀ.ਪੀ ਦਾ ਜਾਇਜ਼ਾ
ਕੂੜਾ ਡੰਪ ਦੇ ਯੋਗ ਨਿਪਟਾਰੇ ਲਈ ਚੱਲ ਰਹੇ ਕਾਰਜਾਂ ਬਾਰੇ ਵੀ ਕੀਤਾ ਵਿਚਾਰ ਵਟਾਂਦਰਾ
ਭਵਾਨੀਗੜ੍ਹ, 9 ਸਤੰਬਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਨਾਗਰਿਕਾਂ ਨੂੰ ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਅਤੇ ਬਿਹਤਰੀਨ ਸਹੂਲਤਾਂ ਉਪਲਬਧ ਕਰਨ ਦੇ ਦਿੱਤੇ ਆਦੇਸ਼ਾਂ ਅਨੁਸਾਰ ਐਮ.ਐਲ.ਏ. ਵਿਧਾਨ ਸਭਾ ਹਲਕਾ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਉਪ ਮੰਡਲ ਮੈਜਿਸਟਰੇਟ ਵਿਨੀਤ ਕੁਮਾਰ ਅਤੇ ਸੀਵਰੇਜ਼ ਬੋਰਡ ਸੰਗਰੂਰ, ਨਗਰ ਕੌਂਸਲ ਭਵਾਨੀਗੜ੍ਹ ਦੇ ਅਧਿਕਾਰੀਆਂ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਡੰਪ ਸਾਇਟ ਦਾ ਨਿਰੀਖਣ ਕੀਤਾ ਗਿਆ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿੱਥੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਹਰ ਪਿੰਡ ਅਤੇ ਸ਼ਹਿਰੀ ਖੇਤਰ ਵਿੱਚ ਪਹੁੰਚ ਕਰਦੇ ਹੋਏ ਉਹ ਖੁਦ ਸੁਵਿਧਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾ ਰਹੇ ਹਨ ਉਥੇ ਹੀ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਵੀ ਤਰਜੀਹੀ ਆਧਾਰ ਤੇ ਦੂਰ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 4 ਐਮਐਲਡੀ ਸਮਰੱਥਾ ਵਾਲਾ ਇਹ ਸੀਵਰੇਜ ਟਰੀਟਮੈਂਟ ਪਲਾਂਟ ਲਗਭਗ ਇੱਕ ਏਕੜ ਜਗ੍ਹਾ ਵਿੱਚ ਬਣਿਆ ਹੋਇਆ ਹੈ ਅਤੇ ਇਸ ਦੁਆਰਾ ਹਰ ਰੋਜ਼ ਲਗਭਗ 3.5 ਐਮ.ਐਲ.ਡੀ. ਪਾਣੀ ਸ਼ੁੱਧ ਕਰਨ ਉਪਰੰਤ, ਸਿੰਚਾਈ ਲਈ ਵਰਤਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਪਾਣੀ 700 ਏਕੜ ਖੇਤੀ ਯੋਗ ਜਗ੍ਹਾ ਦੀ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ ਜਿਸ ਨਾਲ ਕਾਫੀ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ । ਇਸ ਉਪਰੰਤ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਉਪ ਮੰਡਲ ਮੈਜਿਸਟਰੇਟ ਵਿਨੀਤ ਕੁਮਾਰ ਨੇ ਅਧਿਕਾਰੀਆਂ ਸਮੇਤ ਡੰਪ ਸਾਇਟ ਦੇ ਕੂੜੇ ਦੇ ਯੋਗ ਪ੍ਰਬੰਧਨ ਲਈ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ 49.85 ਲੱਖ ਰੁਪਏ ਦੇ ਕੰਮ ਦਾ ਟੈਂਡਰ ਅਲਾਟ ਕੀਤਾ ਗਿਆ ਸੀ ਅਤੇ ਇਹ ਕੰਮ 80% ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਡੰਪ ਤੇ ਸ਼ਹਿਰ ਵਿਚੋਂ ਤਕਰੀਬਨ 6.50 ਟਨ ਕੂੜਾ ਇਕੱਤਰ ਹੁੰਦਾ ਹੈ ਜਿਸ ਨੂੰ ਨਗਰ ਕੌਂਸਲ ਵਲੋਂ ਅੱਗੇ ਤੋਂ ਆਪਣੇ ਪੱਧਰ ਤੇ ਸੈਗਰੀਗੇਸ਼ਨ ਕੀਤਾ ਜਾਵੇਗਾ । ਇਸ ਮੌਕੇ ਨਗਰ ਕੌਂਸਲ, ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੀਵੇਰਜ਼ ਬੋਰਡ ਦੇ ਅਧਿਕਾਰੀ ਵੀ ਹਾਜ਼ਰ ਸਨ ।
