ਪਾਕਿਸਤਾਨ ਤੋਂ ਆਉਣ ਵਾਲੀ ਗੋਲੀ ਦਾ ਜਵਾਬ ‘ਗੋਲੇ’ ਨਾਲ ਦਿੱਤਾ ਜਾਵੇਗਾ : ਸ਼ਾਹ
ਪਾਕਿਸਤਾਨ ਤੋਂ ਆਉਣ ਵਾਲੀ ਗੋਲੀ ਦਾ ਜਵਾਬ ‘ਗੋਲੇ’ ਨਾਲ ਦਿੱਤਾ ਜਾਵੇਗਾ : ਸ਼ਾਹ
ਜੰਮੂ : ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਹੁਣ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿਚ ਸਰਹੱਦ ਪਾਰੋਂ ਗੋਲੀਬਾਰੀ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਉਂ ਆਉਣ ਵਾਲੀ ਹਰੇਕ ਗੋਲੀ ਦਾ ਜਵਾਬ ਭਾਰਤ ਵੱਲੋਂ ‘ਗੋਲਿਆਂ’ ਨਾਲ ਦਿੱਤਾ ਜਾਵੇਗਾ। ਉਹ ਰਾਜੌਰੀ ਜ਼ਿਲ੍ਹੇ ਦਾ ਨੌਸ਼ਹਿਰਾ ਵਿਚ ਪਾਰਟੀ ਦੀ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਨੌਸ਼ਹਿਰਾ ਵਰਗੇ ਸਰਹੱਦੀ ਇਲਾਕਿਆਂ ਵਿਚ ਸਾਡੇ ਵੱਲੋਂ ਕੰਕਰੀਟ ਦੇ ਮਜ਼ਬੂਤ ਬੰਕਰ ਬਣਾਏ ਗਏ ਹਨ ਪਰ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਹੁਣ ਇਨ੍ਹਾਂ ਬੰਕਰਾਂ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਰ ਵੋਹ ਗੋਲੀ ਚਲਾਏਂਗੇ, ਤੋ ਹਮ ਗੋਲਾ ਚਲਾਏਂਗੇ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਹਰਗਿਜ਼ ਵੀ ਗੁੱਜਰਾਂ, ਬੱਕਰਵਾਲਾਂ, ਪਹਾੜੀਆਂ, ਓਬੀਸੀਜ਼, ਵਾਲਮੀਕਿ ਸਮਾਜ ਆਦਿ ਲਈ ਰਾਖਵਾਂਕਰਨ ਨਹੀਂ ਚਾਹੁੰਦੇ, ਉਨ੍ਹਾਂ ਦਾ ਕਹਿਣਾ ਹੈ ਕਿ ਜੇ ਜੰਮੂ-ਕਸ਼ਮੀਰ ਵਿਚ ਉਨ੍ਹਾਂ ਦੀ ਸਰਕਾਰ ਬਣ ਗਈ ਤਾਂ ਉਹ ਰਾਖਵੇਂਕਰਨ ਦੀ ਨਜ਼ਰਸਾਨੀ ਕਰਨਗੇ । ਉਨ੍ਹਾਂ ਹੋਰ ਕਿਹਾ ਕਿ ਰਾਹੁਲ ਗਾਂਧੀ ਨੇ ਅਮਰੀਕਾ ਵਿਚ ਕਿਹਾ ਹੈ ਕਿ ਭਾਰਤ ਵਿਚ ਰਾਖਵੇਂਕਰਨ ਦੀ ਲੋੜ ਨਹੀਂ ਹੈ, ਕਿਉਂਕਿ ਜਿਨ੍ਹਾਂ ਨੂੰ ਰਾਖਵਾਂਕਰਨ ਦਿੱਤਾ ਗਿਆ ਸੀ ਉਨ੍ਹਾਂ ਨੇ ਹੁਣ ਤੱਕ ਇੰਨੀ ਤਰੱਕੀ ਕਰ ਲਈ ਹੈ ਕਿ ਉਹ ਦੇਸ਼ ਦੀ ਕਰੀਮੀ ਲੇਅਰ ਵਿਚ ਆ ਗਏ ਹਨ ।