ਨੋਇਡਾ ਵਿੱਚ ਉਤਰ ਪ੍ਰਦੇਸ਼ ਪੁਲਸ ਦੇ ਕਾਂਸਟੇਬਲ ਨੇ ਸਰਕਾਰੀ ਪਿਸਤੌਲ ਨਾਲ ਮਾਰੀ ਖੁਦ ਨੂੰ ਗੋਲੀ

ਦੁਆਰਾ: Punjab Bani ਪ੍ਰਕਾਸ਼ਿਤ :Monday, 23 September, 2024, 01:50 PM

ਨੋਇਡਾ ਵਿੱਚ ਉਤਰ ਪ੍ਰਦੇਸ਼ ਪੁਲਸ ਦੇ ਕਾਂਸਟੇਬਲ ਨੇ ਸਰਕਾਰੀ ਪਿਸਤੌਲ ਨਾਲ ਮਾਰੀ ਖੁਦ ਨੂੰ ਗੋਲੀ
ਉੱਤਰ ਪ੍ਰਦੇਸ : ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਯੂਪੀ ਪੁਲਸ ਦੇ ਇੱਕ ਕਾਂਸਟੇਬਲ ਨੇ ਸਰਕਾਰੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਖੁਦਕੁਸ਼ੀ ਤੋਂ ਪਹਿਲਾਂ ਕਾਂਸਟੇਬਲ ਨੇ ਆਪਣੀ ਪਤਨੀ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਸੀ । ਪੁਲਿਸ ਮੁਤਾਬਕ ਵੀਡੀਓ ਕਾਲ ਦੌਰਾਨ ਕਾਂਸਟੇਬਲ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਕਾਂਸਟੇਬਲ ਨੇ ਮੁਹੰਮਦਪੁਰ ਨੇੜੇ ਥਾਣੇ ਦੀ ਜੀਪ ਵਿੱਚ ਸਰਕਾਰੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਇਕ ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਦੀ ਪਤਨੀ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਤੁਰੰਤ ਪੁਲਸ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ । ਪੁਲਸ ਨੇ ਕਾਂਸਟੇਬਲ ਨੂੰ ਇਲਾਜ ਲਈ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ । ਪੁਲਸ ਮੁਤਾਬਕ ਕਾਂਸਟੇਬਲ ਘਰੇਲੂ ਝਗੜੇ ਕਾਰਨ ਕਈ ਦਿਨਾਂ ਤੋਂ ਤਣਾਅ ਵਿੱਚ ਸੀ। ਮ੍ਰਿਤਕ ਕਾਂਸਟੇਬਲ ਦਾ ਨਾਂ ਅੰਕੁਰ ਰਾਠੀ ਹੈ ਅਤੇ ਉਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ 21 ਸਤੰਬਰ ਦੀ ਦੇਰ ਰਾਤ ਵਾਪਰੀ । ਵਧੀਕ ਡਿਪਟੀ ਪੁਲਸ ਕਮਿਸ਼ਨਰ (ਜ਼ੋਨ 3) ਅਸ਼ੋਕ ਕੁਮਾਰ ਸਿੰਘ ਅਨੁਸਾਰ ਅੰਕੁਰ ਰਾਠੀ ਥਾਣਾ ਇੰਚਾਰਜ ਦੀ ਜੀਪ ਵਿੱਚ ਤੇਲ ਭਰਨ ਲਈ ਮੁਹੰਮਦਪੁਰ ਗਿਆ ਸੀ। ਇਸ ਦੌਰਾਨ ਉਸ ਨੇ ਆਪਣੀ ਪਤਨੀ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ। ਇਸ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਫਿਰ ਅੰਕੁਰ ਰਾਠੀ ਨੇ ਖੁਦ ਨੂੰ ਗੋਲੀ ਮਾਰ ਲਈ। ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਅੰਕੁਰ ਦੀ ਪਤਨੀ ਨੇ ਥਾਣਾ ਸਦਰ ਦੇ ਇੰਚਾਰਜ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ। ਉੱਥੇ ਅੰਕੁਰ ਖੂਨ ਨਾਲ ਲੱਥਪੱਥ ਜੀਪ ਵਿੱਚ ਬੈਠਾ ਸੀ । ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅੰਕੁਰ 2016 ਬੈਚ ਦਾ ਕਾਂਸਟੇਬਲ ਸੀ। ਪੁਲਸ ਨੇ ਉਸਦੀ ਪਤਨੀ ਨਾਲ ਗੱਲ ਕੀਤੀ ਹੈ ।