ਸਤਿਸੰਗੀ ਬਣ ਕੇ ਆਈਆਂ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟਿਆ

ਸਤਿਸੰਗੀ ਬਣ ਕੇ ਆਈਆਂ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟਿਆ
ਖੰਨਾ : ਪੰਜਾਬ ਸ਼ਹਿਰ ਮਾਛੀਵਾੜਾ ਸਾਹਿਬ ਲੁਟੇਰਿਆਂ ਵਲੋਂ ਲੁੱਟ ਤੇ ਖੋਹ ਦੇ ਨਵੇਂ ਹੀ ਢੰਗ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਮਾਛੀਵਾੜਾ ਸ਼ਹਿਰ ਵਿਚ ਦਿਨ-ਦਿਹਾਡ਼ੇ ਸਤਿਸੰਗੀ ਬਣ ਕੇ ਆਈਆਂ ਲੁਟੇਰਨ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟ ਲਿਆ।ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸ਼ਹਿਰ ਦੇ ਨਿਵਾਸੀ ਸਵਰਨ ਕਾਂਤਾ ਅੱਜ ਆਪਣੇ ਪਰਿਵਾਰਕ ਮੈਂਬਰ ਨਾਲ ਬੱਸ ਸਟੈਂਡ ਸਤਿਸੰਗ ’ਤੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਇੱਕ ਸਵਿਫ਼ਟ ਕਾਰ ਉਨ੍ਹਾਂ ਕੋਲ ਆ ਕੇ ਰੁਕੀ। ਸਵਿਫ਼ਟ ਕਾਰ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਪਿੱਛੇ 2 ਔਰਤਾਂ ਬੈਠੀਆਂ ਸਨ ਉਨ੍ਹਾਂ ਨੇ ਸਵਰਨ ਕਾਂਤਾ ਨੂੰ ਕਿਹਾ ਕਿ ਉਹ ਵੀ ਸਤਿਸੰਗੀ ਹਨ ਅਤੇ ਸਤਿਸੰਗ ’ਤੇ ਜਾ ਰਹੀਆਂ ਹਨ ਜੋ ਸਾਡੇ ਨਾਲ ਗੱਡੀ ਵਿਚ ਬੈਠ ਜਾਵੇ। ਸਵਰਨ ਕਾਂਤਾ ਤੇ ਉਸ ਨਾਲ ਖਡ਼੍ਹੀ ਹੋਰ ਇੱਕ ਹੋਰ ਔਰਤ ਦੋਵੇਂ ਹੀ ਗੱਡੀ ਵਿਚ ਬੈਠ ਗਈਆਂ ਅਤੇ ਕੁਝ ਹੀ ਕਦਮ ਦੂਰੀ ’ਤੇ ਗੱਡੀ ਗਈ ਸੀ ਕਿ ਉਨ੍ਹਾਂ ’ਚੋਂ ਇੱਕ ਔਰਤ ਨੇ ਸਵਰਨ ਕਾਂਤਾ ਦੇ ਹੱਥ ਵਿਚ ਪਾਇਆ ਸੋਨੇ ਦਾ ਕਡ਼ਾ ਉਤਾਰ ਲਿਆ ਅਤੇ ਫਿਰ ਧੱਕਾ ਮਾਰ ਕੇ ਦੋਵਾਂ ਨੂੰ ਗੱਡੀ ’ਚੋਂ ਬਾਹਰ ਕੱਢ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਹ ਔਰਤਾਂ ਤੇ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਸਵਰਨ ਕਾਂਤਾ ਨੇ ਦੱਸਿਆ ਕਿ ਉਸਦੇ ਹੱਥ ਵਿਚ ਪਾਇਆ ਸੋਨੇ ਦਾ ਕਡ਼ਾ ਕਰੀਬ 1 ਤੋਲੇ ਦਾ ਸੀ। ਪਰਿਵਾਰ ਵਲੋਂ ਇਸ ਲੁੱਟ-ਖੋਹ ਸਬੰਧੀ ਮਾਛੀਵਾਡ਼ਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸੀਸੀਟੀਵੀ ਕੈਮਰੇ ਵਿਚ ਜੋ ਸਵਿਫ਼ਟ ਕਾਰ ਦੇਖੀ ਗਈ ਉਸ ’ਤੇ ਜੋ ਨੰਬਰ ਲੱਗਿਆ ਸੀ ਉਹ ਵੀ ਜਾਅਲੀ ਪਾਇਆ ਗਿਆ। ਦਿਨ-ਦਿਹਾਡ਼ੇ ਸਤਿਸੰਗੀ ਬਣ ਕੇ ਔਰਤਾਂ ਵਲੋਂ ਲੁੱਟ ਦੀ ਕੀਤੀ ਗਈ ਵਾਰਦਾਤ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
