ਸ਼ਾਮਲਾਤ ਜਮੀਨਾਂ ਤੋਂ ਨਜਾਇਜ਼ ਕਬਜੇ ਛੁਡਵਾਉਣ ਲਈ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਤਿੰਨ ਮੈਂਬਰੀ ਕਮੇਟੀ ਗਠਿਤ

ਪਟਿਆਲਾ ਡਵੀਜਨ ਅਧੀਨ ਆਉਂਦੇ 8 ਜ਼ਿਲ੍ਹਆਂ ਦੇ ਡੀ.ਡੀ.ਪੀ.ਓ. ਤੇ ਬੀ.ਡੀ.ਪੀ.ਓਜ. ਨਾਲ ਸ਼ਾਮਲਾਤ ਜਮੀਨਾਂ ਤੋਂ ਨਜਾਇਜ਼ ਕਬਜੇ ਦੂਰ ਕਰਵਾਉਣ ਲਈ ਮੀਟਿੰਗ
ਪਟਿਆਲਾ, 10 ਮਈ:
ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜਮੀਨਾਂ ਤੇ ਸ਼ਾਮਲਾਤਾਂ ਤੋਂ ਨਜਾਇਜ਼ ਕਬਜੇ ਛੁਡਵਾਉਣ ਲਈ ਅਰੰਭੀ ਵਿਸ਼ੇਸ਼ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਟਿਆਲਾ ਡਵੀਜਨ ਅਧੀਨ ਆਉਂਦੇ 8 ਜ਼ਿਲ੍ਹਿਆਂ ਦੇ ਡੀ.ਡੀ.ਪੀ.ਓ. ਤੇ ਬੀ.ਡੀ.ਪੀ.ਓਜ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ।
ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਸੰਯੁਕਤ ਡਾਇਰੈਕਟਰ (ਆਰ.ਡੀ.) ਮੁਹਾਲੀ ਜਗਵਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਸ਼ਾਮਲਾਤ ਜਮੀਨਾਂ ਤੋਂ ਨਜਾਇਜ਼ ਕਬਜੇ ਦੂਰ ਕਰਵਾਉਣ ਲਈ ਅਰੰਭੀ ਮੁਹਿੰਮ ਦੌਰਾਨ ਪੰਜਾਬ ਦੀ ਤਕਰੀਬਨ 9500 ਏਕੜ ਜਮੀਨ ਤੋਂ ਨਜਾਇਜ ਕਬਜੇ ਦੂਰ ਕਰਵਾਏ ਗਏ ਸਨ ਪ੍ਰੰਤੂ ਹਾਲੇ ਵੀ ਕਈ ਜ਼ਿਲ੍ਹਿਆਂ ਵਿਖੇ ਬਹੁਤ ਸਾਰੀਆਂ ਸ਼ਾਮਲਾਤ ਜਮੀਨਾਂ ਉਪਰ ਲੋਕਾਂ ਨੇ ਨਜਾਇਜ਼ ਕਬਜੇ ਕੀਤੇ ਹੋਏ ਹਨ।
ਜਗਵਿੰਦਰਜੀਤ ਸਿੰਘ ਸੰਧੂ ਨੇ ਸਮੂਹ ਡੀ.ਡੀ.ਪੀ.ਓ./ਬੀ.ਡੀ.ਪੀ.ਓਜ. ਨੂੰ ਇਹ ਨਜਾਇਜ ਕਬਜੇ ਛੁਡਵਾਉਣ ਦੀ ਹਦਾਇਤ ਕਰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਵਧੀਕ ਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਕਬਜ਼ੇ ਛੁਡਵਾਉਣ ਲਈ ਹੋਰ ਤੇਜੀ ਨਾਲ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪਟਿਆਲਾ ਦੇ ਡਿਪਟੀ ਡਾਇਰੈਕਟਰ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਸਮੂਹ ਕਿਸਾਨ ਜੱਥੇਬੰਦੀਆਂ ਨੂੰ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿੱਚ ਵਿਭਾਗ ਦਾ ਸਾਥ ਦੇਣ ਦੀ ਅਪੀਲ ਕੀਤੀ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਵੱਲੋਂ ਪੰਚਾਇਤੀ ਜਮੀਨਾਂ ਉਪਰ ਹੋਏ ਨਜਾਇਜ਼ ਕਬਜਿਆਂ ਨੂੰ ਦੂਰ ਕਰਵਾਉਣ ਲਈ ਐਸ.ਪੀ. (ਸਥਾਨਕ), ਜ਼ਿਲ੍ਹਾ ਮਾਲ ਅਫ਼ਸਰ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ‘ਤੇ ਅਧਾਰਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਮਿੱਥੇ ਗਏ ਇੱਕ ਮਹੀਨੇ ਦੇ ਸਮੇਂ ਦੇ ਅੰਦਰ-ਅੰਦਰ ਸਮੁੱਚੇ ਜ਼ਿਲ੍ਹੇ ਦੀਆਂ ਸ਼ਾਮਲਾਤ ਜਮੀਨਾਂ ਤੋਂ ਨਜਾਇਜ਼ ਕਬਜੇ ਦੂਰ ਕਰਵਾਉਣ ਸਬੰਧੀ ਮਿਤੀ ਵਾਈਜ ਰਣਨੀਤੀ ਤਿਆਰ ਕਰੇਗੀ ਅਤੇ ਰਿਪੋਰਟ ਸਰਕਾਰ ਨੂੰ ਭੇਜੇਗੀ।
ਇਸ ਮੀਟਿੰਗ ਵਿੱਚ ਪਟਿਆਲਾ ਦੇ ਡੀ.ਡੀ.ਪੀ.ਓ. ਅਮਨਦੀਪ ਕੌਰ ਸਮੇਤ ਪਟਿਆਲਾ ਡਵੀਜਨ ਅਧੀਨ ਆਉਂਦੇ 8 ਜ਼ਿਲ੍ਹਿਆਂ ਦੇ ਡੀ.ਡੀ.ਪੀ.ਓ. ਤੇ ਬੀ.ਡੀ.ਪੀ.ਓਜ ਮੌਜੂਦ ਸਨ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀਆਂ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਯਕੀਨੀ ਬਣਾਉਣਗੇ।
