ਆਪ ਤੇ ਕਾਂਗਰਸੀ ਵਰਕਰਾਂ ਦੀ ਆਹਮੋ ਸਾਹਮਣੇ ਹੋਈ ਤਕਰਾਰਬਾਜੀ ਵਿਚ ਕਾਂਗਰਸੀ ਵਰਕਰ ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 25 September, 2024, 12:36 PM

ਆਪ ਤੇ ਕਾਂਗਰਸੀ ਵਰਕਰਾਂ ਦੀ ਆਹਮੋ ਸਾਹਮਣੇ ਹੋਈ ਤਕਰਾਰਬਾਜੀ ਵਿਚ ਕਾਂਗਰਸੀ ਵਰਕਰ ਜ਼ਖ਼ਮੀ
ਸ੍ਰੀ ਮੁਕਤਸਰ ਸਾਹਿਬ : ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ‘ਆਪ’ ਅਤੇ ਕਾਂਗਰਸੀ ਵਰਕਰ ਆਹਮੋ-ਸਾਹਮਣੇ ਹੋ ਗਏ ਹਨ। ਤਾਜ਼ਾ ਮਾਮਲਾ ਮੁਕਤਸਰ ਦੇ ਪਿੰਡ ਸੀਰਵਾਲੀ ਦਾ ਹੈ, ਜਿੱਥੇ ਮੰਗਲਵਾਰ ਰਾਤ ਕਰੀਬ ਸਾਢੇ ਦਸ ਵਜੇ `ਆਪ` ਅਤੇ ਕਾਂਗਰਸੀ ਵਰਕਰਾਂ ਵਿਚਾਲੇ ਲੜਾਈ ਹੋ ਗਈ। ਲੜਾਈ ’ਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬੇਹੱਦ ਕਰੀਬੀ ਸੀਨੀਅਰ ਆਗੂ ਗੁਰਵੀਰ ਸਿੰਘ ਬਰਾੜ ਕਾਕੂ ਸੀਰਵਾਲੀ ਦੇ ਸਿਰ ’ਚ ਇੱਟ ਮਾਰ ਕੇ ਜਖ਼ਮੀ ਕਰ ਦਿੱਤਾ। ਜ਼ਖਮੀ ਹਾਲਤ ’ਚ ਉਸਨੂੰ ਸਿਵਲ ਹਸਪਤਾਲ ਮੁਕਤਸਰ ਵਿਖੇ ਦਾਖਲ ਕਰਵਾਇਆ ਗਿਆ ਹੈ। ਕਾਕੂ ਸੀਰਵਾਲੀ ਨੇ ਕਥਿਤ ਦੋਸ਼ ਲਾਇਆ ਕਿ ਹਮਲਾਵਰਾਂ ਦਾ ਇੱਕ ਰਿਸ਼ਤੇਦਾਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਰਹਿੰਦਾ ਹੈ। ਉਸਦੀ ਸ਼ਹਿ `ਤੇ ਉਨ੍ਹਾਂ ਨੇ ਰਾਤ ਨੂੰ ਉਸ `ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦਾ ਕਾਰਨ ਇਹ ਹੈ ਕਿ ਉਹ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਧਾਨ ਰਾਜਾ ਵੜਿੰਗ ਦੇ ਨਿਰਦੇਸ਼ਾਂ `ਤੇ ਪਿੰਡ `ਚ ਸਮਰਥਕਾਂ ਨਾਲ ਮੀਟਿੰਗਾਂ ਕਰ ਰਿਹਾ ਹੈ, ਜਿਸ ਤੋਂ `ਆਪ` ਵਰਕਰ ਨਾਰਾਜ਼ ਹੋ ਗਏ ਅਤੇ ਗੁੱਸੇ `ਚ ਆ ਕੇ ਉਨ੍ਹਾਂ ਨੇ ਰਾਤ ਸਮੇਂ ਉਸਤੇ ਉਦੋਂ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਚੋਣਾਂ ਦੀ ਰਣਨੀਤੀ ਬਣਾਉਣ ਲਈ ਇਕ ਕਾਂਗਰਸੀ ਵਰਕਰ ਦੇ ਘਰ ਜਾ ਰਿਹਾ ਸੀ। ਉਸ ਸਮੇਂ ਉਹ ਇਕੱਲਾ ਸੀ ਅਤੇ ਹਮਲਾਵਰਾਂ ਦੀ ਗਿਣਤੀ ਸੱਤ-ਅੱਠ ਸੀ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ।