ਐਸ.ਬੀ. ਆਈ. ਸ਼ੇਖਪੁਰਾ ਬ੍ਰਾਂਚ ਵਿਚ ਤਾਇਨਾਤ ਹੈਡ ਕੈਸ਼ੀਅਰ ਕੀਤਾ ਕਰੋੜ ਦਾ ਗਬਨ

ਐਸ.ਬੀ. ਆਈ. ਸ਼ੇਖਪੁਰਾ ਬ੍ਰਾਂਚ ਵਿਚ ਤਾਇਨਾਤ ਹੈਡ ਕੈਸ਼ੀਅਰ ਕੀਤਾ ਕਰੋੜ ਦਾ ਗਬਨ
ਬਠਿੰਡਾ : ਸਟੇਟ ਬੈਂਕ ਆਫ ਇੰਡੀਆ ਦੀ ਸ਼ੇਖਪੁਰਾ ਬ੍ਰਾਂਚ ਵਿਚ ਤਾਇਨਾਤ ਹੈੱਡ ਕੈਸ਼ੀਅਰ ਵੱਲੋਂ ਕਰੋੜਾਂ ਰੁਪਏ ਦੇ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਕੈਸ਼ੀਅਰ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ਵਿਖੇ ਅਮਾਨਤ ਵਿਚ ਖਿਆਨਤ ਪਾਉਣ ਤੇ ਹੇਰਾਫੇਰੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ। ਇਹ ਕਾਰਵਾਈ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਵਿੰਗ ਦੀ ਪੜਤਾਲੀਆ ਰਿਪੋਰਟ ਆਉਣ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਈਓ ਵਿੰਗ ਦੀ ਰਿਪੋਰਟ ਮੁਤਾਬਕ ਉਕਤ ਕੈਸ਼ੀਅਰ ਬੈਂਕ ਦੇ ਖਪਤਕਾਰਾਂ ਦੇ ਜਾਅਲੀ ਦਸਤਖ਼ਤ ਕਰ ਕੇ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕਢਵਾ ਲੈਂਦਾ ਸੀ। ਇਸੇ ਤਰ੍ਹਾਂ ਉਕਤ ਕੈਸ਼ੀਅਰ ਨੇ ਬੈਂਕ ਦੇ ਲਾਕਰਾਂ ਵਿਚ ਰੱਖਿਆ ਹੋਇਆ ਸੋਨਾ ਵੀ ਗ਼ਾਇਬ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਪੜਤਾਲ ਵਿਚ ਪਾਇਆ ਗਿਆ ਹੈ ਕਿ ਏਟੀਐੱਮ ਮਸ਼ੀਨ ਵਿਚ ਪਾਉਣ ਵਾਲੀ ਰਕਮ ਵਿਚ ਵੀ ਵੱਡੀ ਧਾਂਦਲੀ ਕੀਤੀ ਗਈ ਹੈ। ਇਸ ਮਾਮਲੇ ’ਚ ਗਾਹਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਅਤੇ ਸ਼ੁਰੂਆਤੀ ਜਾਂਚ ’ਚ ਹੀ ਗਾਹਕਾਂ ਦੇ ਖਾਤਿਆਂ ’ਚੋਂ ਕੁੱਲ 39 ਲੱਖ, 41 ਹਜ਼ਾਰ 400 ਰੁਪਏ ਕਢਵਾਏ ਗਏ, ਜਦਕਿ 342 ਗ੍ਰਾਮ 27 ਗ੍ਰਾਮ ਸੋਨਾ ਅਤੇ 15 ਲੱਖ ਰੁਪਏ ਏਟੀਐਮ ਮਸ਼ੀਨ ਦੀ ਰਕਮ ਵਿਚੋਂ ਅਤੇ ਬੈਂਕ ਦੇ ਏਟੀਐਮ ਵਿਚੋ 84 ਹਜ਼ਾਰ ਕਢਵਾ ਲਏ। ਖੁਰਦ ਬੁਰਦ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ 2 ਕਰੋੜ 65 ਲੱਖ 68 ਹਜ਼ਾਰ ਰੁਪਏ ਬਣਦੀ ਹੈ। ਇਸੇ ਤਰ੍ਹਾਂ ਕੈਸ਼ੀਅਰ ਨੇ ਸਰਕਾਰ ਅਤੇ ਗਾਹਕਾਂ ਨਾਲ 3 ਕਰੋੜ 20 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਮੁਲਜ਼ਮ ਅਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ ।
