ਘੁਸਪੈਠੀਏ ਕਬਾਇਲੀ ਸਭਿਆਚਾਰ ਨੂੰ ਤਬਾਹ ਕਰ ਰਹੇ ਹਨ: ਸ਼ਾਹ
ਘੁਸਪੈਠੀਏ ਕਬਾਇਲੀ ਸਭਿਆਚਾਰ ਨੂੰ ਤਬਾਹ ਕਰ ਰਹੇ ਹਨ: ਸ਼ਾਹ
ਗਿਰਡਿਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਰਖੰਡ ਦੀ ਜੇਐੱਮਐੱਮ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਸ ’ਤੇ ਘੁਸਪੈਠ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਅਤੇ ਚਿਤਾਵਨੀ ਦਿੱਤੀ ਕਿ ਜੇ ਰੋਕਿਆ ਨਾ ਗਿਆ ਤਾਂ ਸੂਬੇ ਵਿੱਚ ਅਗਲੇ 25-30 ਸਾਲਾਂ ’ਚ ਗੈਰ-ਕਾਨੂੰਨੀ ਪਰਵਾਸੀ ਬਹੁਗਿਣਤੀ ਹੋ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਘੁਸਪੈਠੀਏ ਕਬਾਇਲੀ ਸਭਿਆਚਾਰ ਨੂੰ ਤਬਾਹ ਕਰ ਰਹੇ ਹਨ। ਭਾਜਪਾ ਆਗੂ ਨੇ ਘੁਸਪੈਠੀਆਂ ਨੂੰ ਸੂਬੇ ਵਿੱਚੋਂ ਬਾਹਰ ਕੱਢਣ ਦਾ ਵਾਅਦਾ ਵੀ ਕੀਤਾ। ਉਹ ਸੂਬੇ ਵਿੱਚ ਇਸ ਸਾਲ ਦੇ ਅਖ਼ੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੂਜੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਭਾਜਪਾ ਨੇ ਸੂਬੇ ਵਿੱਚ ਇਸ ਸਾਲ ਦੇ ਅਖ਼ੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਪਰਿਵਰਤਨ ਯਾਤਰਾਵਾਂ’ ਕੱਢਣ ਦੀ ਯੋਜਨਾ ਬਣਾਈ ਹੈ। ਸ਼ਾਹ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਵਿੱਚ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਕਿਹਾ, ‘ਜੇ ਘੁਸਪੈਠ ਰੋਕੀ ਨਾ ਗਈ ਤਾਂ ਆਗਾਮੀ 25-30 ਸਾਲਾਂ ਵਿੱਚ ਝਾਰਖੰਡ ’ਚ ਘੁਸਪੈਠੀਏ ਬਹੁਗਿਣਤੀ ਵਿੱਚ ਹੋ ਜਾਣਗੇ। ਸੂਬੇ ਵਿੱਚ ਘੁਸਪੈਠੀਆਂ ਲਈ ਕੋਈ ਜਗ੍ਹਾ ਨਹੀਂ ਹੈ। ਉਹ ਸਾਡੀਆਂ ਧੀਆਂ ਨਾਲ ਵਿਆਹ ਕਰ ਰਹੇ ਹਨ, ਜ਼ਮੀਨਾਂ ’ਤੇ ਕਬਜ਼ੇ ਕਰ ਰਹੇ ਹਨ ਅਤੇ ਅਮੀਰ ਕਬਾਇਲੀ ਸਭਿਆਚਾਰ ਤੇ ਵਿਰਾਸਤ ਨੂੰ ਤਬਾਹ ਕਰ ਰਹੇ ਹਨ। ਅਸੀਂ ਉਨ੍ਹਾਂ ਵਿੱਚੋਂ ਹਰੇਕ ਨੂੰ ਬਾਹਰ ਕੱਢਾਂਗੇ। ਇੱਥੇ ਕਮਲ ਖਿੜਨ ਦਿਓ।