ਪੁਲਸ ਥਾਣਾ ਕੋਟਫੱਤਾ ਨੇ ਕੀਤਾ ਔਰਤਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਪੁਲਸ ਥਾਣਾ ਕੋਟਫੱਤਾ ਨੇ ਕੀਤਾ ਔਰਤਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਬਠਿੰਡਾ : ਪੁਲਸ ਥਾਣਾ ਕੋਟਫੱਤਾ ਨੇ ਔਰਤਾਂ ਦੇ ਨਾਲ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਹ ਗਿਰੋਹ ਹੁਣ ਤਕ ਕੋਟਫੱਤਾ ਇਲਾਕੇ ਦੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਐੱਸ. ਐੱਚ. ਓ. ਕਰਮਜੀਤ ਸਿੰਘ ਪੂਹਲੀ ਦੀ ਅਗਵਾਈ ਹੇਠ ਪੁਲਸ ਟੀਮ ਨੇ ਇਸ ਗਿਰੋਹ ਵਿਚ ਸ਼ਾਮਲ ਮਾਨਸਾ ਦੀਆਂ ਕੁਝ ਔਰਤਾਂ ਦੀ ਭਾਲ ਕਰਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਮੁਕਤ ਗ੍ਰੰਥੀ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਕੋਟਫੱਤਾ ਦੇ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਟਫੱਤਾ ਦੇ ਰਹਿਣ ਵਾਲੇ ਸ਼ਿੰਦਰ ਸਿੰਘ (65) ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 5 ਸਾਲ ਪਹਿਲਾਂ ਕੁਲਦੀਪ ਸਿੰਘ ਵਾਸੀ ਪਿੰਡ ਭਾਗੀਵਾਂਦਰ ਨੂੰ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਸੇਵਾਦਾਰ ਵਜੋਂ ਰੱਖਿਆ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਕਤ ਗ੍ਰੰਥੀ ਕਰੀਬ 6 ਮਹੀਨੇ ਤੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਅ ਰਿਹਾ ਸੀ ਪਰ ਉਸ ਦੇ ਵਿਵਹਾਰ ਕਾਰਨ ਪਤਵੰਤਿਆਂ ਨੇ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਵਾਪਸ ਭੇਜ ਦਿੱਤਾ ਸੀ। ਪੀੜਤ ਨੇ ਦੱਸਿਆ ਕਿ ਉਕਤ ਗ੍ਰੰਥੀ ਨੇ ਪਿੰਡ ਕੋਟਭਾਰਾ ਦੇ ਬਲਜੀਤ ਸਿੰਘ ਨਾਲ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜਿਸ ਵਿਚ ਕੁਝ ਔਰਤਾਂ ਵੀ ਸ਼ਾਮਲ ਹਨ। ਉਸ ਨੇ ਬਲਜੀਤ ਸਿੰਘ ਤੋਂ ਪਿੰਡ ਦੇ ਕੁਝ ਲੋਕਾਂ ਦੇ ਨੰਬਰ ਲਏ ਅਤੇ ਪਿੰਡ ਦੀਆਂ ਔਰਤਾਂ ਨੂੰ ਫੋਨ ਕਰ ਕੇ ਉਨ੍ਹਾਂ ’ਚੋਂ ਕੁਝ ਦੇ ਫੋਨਾਂ ’ਤੇ ਅਸ਼ਲੀਲ ਵੀਡੀਓਜ਼ ਬਣਾ ਲਈਆਂ, ਜਿਸ ਤੋਂ ਬਾਅਦ ਬਲੈਕਮੇਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪੀੜਤਾ ਨੇ ਦੱਸਿਆ ਕਿ ਉਕਤ ਵਿਅਕਤੀ ਬਲਜੀਤ ਸਿੰਘ ਰਾਹੀਂ ਉਸ ਨੂੰ ਵਰਗਲਾ ਕੇ ਮਾਨਸਾ ਲੈ ਗਿਆ, ਜਿੱਥੇ ਉਸ ਨੇ ਗਲਤ ਔਰਤਾਂ ਨਾਲ ਉਸ ਦੀ ਵੀਡੀਓ ਆਦਿ ਬਣਾ ਲਈ। ਇਸੇ ਤਰ੍ਹਾਂ ਉਕਤ ਗਿਰੋਹ ਨੇ ਕਰੀਬ ਚਾਰ ਮਹੀਨੇ ਪਹਿਲਾਂ ਪਿੰਡ ਕੋਟਭਾਰਾ ਦੇ ਨਰਿੰਦਰ ਸਿੰਘ ਤੋਂ ਵੀ 3 ਲੱਖ ਰੁਪਏ ਵਸੂਲ ਕੀਤੇ ਸਨ। ਇਸ ਗਿਰੋਹ ਨੇ ਕੋਟਫੱਤਾ ਇਲਾਕੇ ਦੇ ਕਈ ਹੋਰ ਲੋਕਾਂ ਨੂੰ ਵੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਹੈ ਅਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਪਰ ਅਜਿਹੇ ਲੋਕ ਆਪਣੀ ਇੱਜ਼ਤ ਲਈ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਥਾਣਾ ਕੋਟਫੱਤਾ ਦੇ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਇਸ ਗਿਰੋਹ ਨਾਲ ਮਾਨਸਾ ਦੀਆਂ ਕੁਝ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।
