ਸ਼ਤਾਬਦੀ ਨਗਰ ਕੀਰਤਨ ਸਮੇਂ ਨਿਹੰਗ ਦਲ ਹਾਥੀਆਂ, ਊਠਾਂ, ਘੋੜਿਆਂ ਸਮੇਤ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ

ਸ਼ਤਾਬਦੀ ਨਗਰ ਕੀਰਤਨ ਸਮੇਂ ਨਿਹੰਗ ਦਲ ਹਾਥੀਆਂ, ਊਠਾਂ, ਘੋੜਿਆਂ ਸਮੇਤ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ
ਸ਼ਤਾਬਦੀ ਦੇ ਮੁੱਖ ਸਮਾਗਮ ਸਮੇਂ ਸੰਗਤਾਂ ਹੁੰਮਹੁਮਾ ਕੇ ਪੁੱਜਣ: ਬਾਬਾ ਬਲਬੀਰ ਸਿੰਘ 96 ਕਰੋੜੀ
ਅੰਮ੍ਰਿਤਸਰ:- 17 ਸਤੰਬਰ : ਗੁਰਦੁਆਰਾ ਤਪਿਆਣਾ ਸਾਹਿਬ ਤੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਆਈ ਦਿਵਸ ਦੇ 450 ਸਾਲਾ ਸਮਾਗਮਾਂ ਦੀ ਕੜੀ ਵਿੱਚ ਇੱਕ ਵਿਸ਼ੇਸ਼ ਨਗਰ ਕੀਰਤਨ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਤੀਕ ਕੀਤਾ ਗਿਆ। ਇੱਕ ਵਿਸ਼ੇਸ਼ ਬੱਸ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਹੋਇਆਂ ਦੀ ਤਾਬਿਆ ਅਤੇ ਪੰਜ ਪਿਆਰਿਆਂ, ਨਿਸ਼ਾਚੀਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਨਿਹੰਗ ਸਿੰਘਾਂ ਨੇ ਹਾਥੀਆਂ, ਊਠਾਂ, ਘੋੜਿਆਂ ਨਾਲ ਵੱਡੀ ਪੱਧਰ ਤੇ ਸਮੂਲੀਅਤ ਕੀਤੀ। ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਚੱਲਦੇ ਨਗਰ ਕੀਰਤਨ ਵਿੱਚ ਸੰਬੋਧਨ ਕਰਦਿਆਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ, ਮੈਂਬਰ ਸਾਹਿਬਾਨ, ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਨਿਹੰਗ ਸਿੰਘਾਂ ਦੇ ਵੱਖ-ਵੱਖ ਤਰਨਾ ਦਲਾਂ ਦੇ ਜਥੇਦਾਰ ਮੁਖੀ ਸਾਹਿਬਾਨਾਂ, ਕਾਰਸੇਵਾਵਾਲੇ ਸੰਤ ਮਹਾਪੁਰਸ਼ਾਂ, ਨਿਰਮਲੇ ਸੰਪਰਦਾਵਾਂ, ਦਮਦਮੀ ਟਕਸਾਲ ਤੇ ਹੋਰ ਵੱਖ-ਵੱਖ ਟਕਸਾਲਾਂ, ਸੰਤ ਸਮਾਜ ਅਤੇ ਸਮਾਜਿਕ ਜਥੇਬੰਦੀਆਂ, ਸੇਵਾ ਸੰਸਥਾਵਾਂ, ਸ਼ਬਦੀ ਜਥਿਆਂ, ਸੇਵਕ ਜਥਿਆਂ, ਨਗਰ ਪੰਚਾਇੰਤਾਂ ਆਦਿ ਦਾ ਨਗਰ ਕੀਰਤਨ ‘ਚ ਸ਼ਾਮਲ ਹੋਣ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕੱਲ੍ਹ ਨੂੰ ਸ਼ਤਾਬਦੀ ਦੇ ਮੁੱਖ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਵਿਖੇ ਸਭ ਸੰਗਤਾਂ ਹੁੰਮਹੁਮਾ ਕੇ ਹਾਜ਼ਰੀ ਭਰਨ। ਉਨ੍ਹਾਂ ਕਿਹਾ ਵੱਖ-ਵੱਖ ਕਾਰ ਸੇਵਾ ਕਰਨ ਵਾਲੇ ਸੰਤ ਮਹਾਪੁਰਸ਼ਾਂ ਜਿਨ੍ਹਾਂ ਨੇ ਦੂਰ ਦੁਰਾਡੇ ਤੋਂ ਆ ਕੇ ਲੰਗਰਾਂ ਅਤੇ ਹੋਰ ਟਹਿਲ ਸੇਵਾ ਕੇਂਦਰਾਂ ਦੀ ਜੁੰਮੇਵਾਰੀ ਸੰਭਾਲੀ ਹੈ ਉਨ੍ਹਾਂ ਦਾ ਵਿਸ਼ੇਸ਼ ਤੌਰ ਧੰਨਵਾਦ।
ਉਨ੍ਹਾਂ ਖਡੂਰ ਸਾਹਿਬ ਦੇ ਇਤਿਹਾਸਕ ਅਸਥਾਨਾਂ ਦੀ ਮਹੱਤਤਾ ਤੇ ਬਹੁਮੱਲੇ ਗੁਰਇਤਿਹਾਸ ਦਾ ਵਰਨਣ ਕਰਦਿਆਂ ਕਿਹਾ ਗੁਰਦੁਆਰਾ ਤਪਿਆਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਇਸ ਅਸਥਾਨ ਤੇ ਆਏ ਸਨ। ਇੱਥੇ ਹੀ ਭਾਈ ਬਾਲਾ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਦੱਸੀਆਂ ਗਈਆਂ ਘਟਨਾਵਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਪੈੜ੍ਹਾ ਮੋਖਾ ਜੀ ਪਾਸੋਂ ਜਨਮ ਸਾਖੀ ਦੇ ਰੂਪ ਵਿੱਚ ਲਿਖਵਾਇਆ। ਨਿਹੰਗ ਮੁਖੀ ਨੇ ਕਿਹਾ ਗੁਰਦੁਆਰਾ ਸਾਹਿਬ ਦੇ ਦਰਬਾਰ ਨੇੜੇ ਇੱਕ ਥੜ੍ਹਾ ਮੌਜੂਦ ਹੈ, ਜੋ ਭਾਈ ਬਾਲਾ ਜੀ ਦਾ ਸਸਕਾਰ ਅਸਥਾਨ ਹੈ। ਉਨ੍ਹਾਂ ਕਿਹਾ ਗੁਰਦੁਆਰਾ ਦਰਬਾਰ ਸਾਹਿਬ ਖਡੂਰ ਸਾਹਿਬ ਦਾ ਪ੍ਰਮੁੱਖ ਇਤਿਹਾਸਿਕ ਅਸਥਾਨ ਹੈ। ਸ਼੍ਰੀ ਗੁਰੂ ਅੰਗਦ ਦੇਵ ਜੀ ਜਦੋਂ ਆਪਣੇ ਅੰਦਰਲੀ ਇਲਾਹੀ ਜੋਤ ਨੂੰ ਸ੍ਰੀ ਗੁਰੂ ਅਮਰਦਾਸ ਜੀ ਵਿੱਚ ਟਿਕਾ ਕੇ ਆਪ ਜੋਤੀ-ਜੋਤ ਸਮਾ ਗਏ ਤਾਂ ਆਪ ਜੀ ਦੀ ਪਾਵਨ ਦੇਹ ਦਾ ਅੰਤਿਮ ਸੰਸਕਾਰ ਇਸ ਅਸਥਾਨ ਤੇ ਕੀਤਾ ਗਿਆ। ਉਨ੍ਹਾਂ ਕਿਹਾ ਇਥੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੰਗੀਠਾ ਸਾਹਿਬ ਹੈ। ਬਾਬਾ ਅਮਰਦਾਸ ਜੀ ਜਦੋਂ ਇਕਸੇਵਕ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਦੀ ਨਿਸ਼ਕਾਮ ਸੇਵਾ ਕਰਦੇ ਸਨ ਤਾਂ ਇਕ ਦਿਨ ਜਲ ਲਿਆਉਂਦੇ ਸਮੇਂ ਜਿਸ ਕਿੱਲੇ ਨਾਲ ਠੇਡਾ ਲੱਗ ਕੇ ਡਿੱਗੇ ਸਨ,ਉਹ ਕਿੱਲਾ ਵੀ ਇੱਥੇ ਮੌਜੂਦ ਹੈ। ਇੱਥੇ ਹੀ ਗੁਰਦੁਆਰਾ ਥੜਾ ਸਾਹਿਬ ਸਥਿਤ ਹੈ ਜਿੱਥੇ ਬੈਠ ਕੇ ਗੁਰੂ ਅਮਰਦਾਸ ਜੀ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਕਰਦੇ ਸਨ। ਬੀਬੀ ਅਮਰੋ ਜੀ ਦਾ ਇਤਿਹਾਸਕ ਪੁਰਾਤਨ ਖੂਹ ਵੀ ਮੌਜੂਦ ਹੈ।
