ਕਿਸਾਨ ਜਾਗਰੂਕਤਾ ਕੈਂਪ ’ਚ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਸਬੰਧੀ ਦਿੱਤੀ ਜਾਣਕਾਰੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 September, 2024, 04:17 PM

ਕਿਸਾਨ ਜਾਗਰੂਕਤਾ ਕੈਂਪ ’ਚ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਸਬੰਧੀ ਦਿੱਤੀ ਜਾਣਕਾਰੀ
ਖੇਤੀਬਾੜੀ ਵਿਭਾਗ ਨੇ ਪਿੰਡ ਚਲੈਲਾ ਵਿਖੇ ਬਲਾਕ ਪੱਧਰੀ ਕੈਂਪ ਲਗਾਇਆ
ਕੈਂਪ ’ਚ ਲੰਗ, ਦੌੜਕਲਾਂ, ਧਬਲਾਨ ਤੇ ਗੱਜੂਮਾਜਰਾ ਦੇ ਕਿਸਾਨਾਂ ਨੇ ਲਿਆ ਹਿੱਸਾ
ਪਟਿਆਲਾ, 17 ਸਤੰਬਰ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ.ਡੀ.ਐਮ. ਪਟਿਆਲਾ ਅਰਵਿੰਦ ਕੁਮਾਰ ਦੀ ਯੋਗ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵਿੰਦਰ ਸਿੰਘ ਵੱਲੋਂ ਪਿੰਡ ਚਲੈਲਾ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਬਲਾਕ ਪਟਿਆਲਾ ਦੇ ਸਰਕਲ ਲੰਗ, ਦੌਣਕਲਾਂ, ਧਬਲਾਨ ਅਤੇ ਗੱਜੂਮਾਜਰਾ ਦੇ ਕਿਸਾਨਾਂ ਨੇ ਭਾਗ ਲਿਆ । ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਨੂੰ ਵੱਢਣ ਉਪਰੰਤ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਅਤੇ ਪਰਾਲੀ ਦੀਆਂ ਗੰਢਾਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਕੇ ਖਾਦਾਂ ਦੀ ਵਰਤੋਂ ਘਟਾਈ ਜਾ ਸਕੇ ਅਤੇ ਖੇਤੀ ਖ਼ਰਚੇ ਨੂੰ ਘਟਾ ਕੇ ਆਮਦਨੀ ਵਿਚ ਵਾਧਾ ਕੀਤਾ ਜਾ ਸਕੇ । ਕੈਂਪ ਵਿਚ ਖੇਤੀਬਾੜੀ ਵਿਕਾਸ ਅਫ਼ਸਰ ਡਾ. ਪਰਮਜੀਤ ਕੌਰ, ਡਾ. ਰਸ਼ਪਿੰਦਰ ਸਿੰਘ, ਡਾ. ਸਿਕੰਦਰ ਸਿੰਘ, ਡਾ. ਗੁਰਮੇਲ ਸਿੰਘ, ਡਾ. ਜਸਪਿੰਦਰ ਕੌਰ ਅਤੇ ਡਾ. ਅਮਨਦੀਪ ਕੌਰ ਨੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਿੱਟੀ ਪਰਖ, ਬਿਮਾਰੀਆਂ ਦੀ ਰੋਕਥਾਮ, ਪੀ.ਐਮ. ਕਿਸਾਨ ਨਿਧੀ, ਖਾਦਾਂ ਦੀ ਸੁਚੱਜੀ ਵਰਤੋਂ ਅਤੇ ਫ਼ਸਲੀ ਵਿਭਿੰਨਤਾ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ । ਡਾ. ਪਰਮਜੀਤ ਕੌਰ ਨੇ ਕਿਸਾਨਾਂ ਨੂੰ ਮਸ਼ੀਨਾਂ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ ਅਤੇ ਅਪੀਲ ਕੀਤੀ ਕਿ ਕਿਸਾਨ ਇਸ ਕੰਮ ਵਿਚ ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ । ਇਸ ਕੈਂਪ ਵਿਚ ਅਵਤਾਰ ਸਿੰਘ, ਬੁੱਧ ਸਿੰਘ, ਚਰਨਜੀਤ ਸਿੰਘ, ਰਾਮ ਸਿੰਘ, ਜਰਨੈਲ ਸਿੰਘ, ਹਰਿੰਦਰ ਸਿੰਘ, ਧੰਨਾ ਸਿੰਘ, ਰਣਜੀਤ ਸਿੰਘ, ਗੁਰਧਿਆਨ ਸਿੰਘ, ਜਗਜੀਤ ਸਿੰਘ ਅਤੇ ਅਜੈਬ ਸਿੰਘ ਨੇ ਇਸ ਕੰਮ ਵਿਚ ਵਿਭਾਗ ਦਾ ਸਾਥ ਦੇਣ ਲਈ ਹਾਮੀ ਭਰੀ ਅਤੇ ਹੋਰਨਾਂ ਕਿਸਾਨਾਂ ਨਾਲ ਆਪਣੇ ਖੇਤੀ ਤਜਰਬੇ ਸਾਂਝੇ ਕੀਤੇ। ਖੇਤੀਬਾੜੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਬਲਾਕ ਘਨੌਰ ਪਿੰਡ ਕਾਮੀ ਖੁਰਦ ਵਿਖੇ ਅਜਿਹਾ ਕੈਂਪ ਮਿਤੀ 18 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ।