ਭਾਈ ਘਨ੍ਹਈਆ ਜੀ ਮਿਸ਼ਨ ਨੂੰ ਬੱਚਿਆਂ ਨੌਜਵਾਨਾਂ ਤੱਕ ਪਹੁੰਚਾਇਆ ਜਾਵੇ : ਗੁਰਪ੍ਰੀਤ ਸਿੰਘ

ਦੁਆਰਾ: Punjab Bani ਪ੍ਰਕਾਸ਼ਿਤ :Wednesday, 18 September, 2024, 10:45 AM

ਭਾਈ ਘਨ੍ਹਈਆ ਜੀ ਮਿਸ਼ਨ ਨੂੰ ਬੱਚਿਆਂ ਨੌਜਵਾਨਾਂ ਤੱਕ ਪਹੁੰਚਾਇਆ ਜਾਵੇ :ਗੁਰਪ੍ਰੀਤ ਸਿੰਘ
ਪਟਿਆਲਾ : ਚਲਦੀਆਂ ਗੋਲੀਆਂ, ਬੰਬਾਂ, ਤੀਰ ਤਲਵਾਰਾਂ, ਅਤੇ ਕੱਟੜ ਵਿਰੋਧੀ ਸੈਨਿਕਾਂ ਵਿੱਚ ਨਿਹਥੇ ਜਾ ਕੇ, ਪਾਣੀ ਪਿਲਾਉਣ ਵਾਲੇ, ਦੁਨੀਆਂ ਵਿੱਚ ਪ੍ਰਮਾਤਮਾ ਦਾ ਭੇਜੇ ਫ਼ਰਿਸ਼ਤੇ ਭਾਈ ਘਨ੍ਹਈਆ ਜੀ ਨੂੰ ਅਜ ਬੱਚਿਆਂ, ਨੋਜਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਭੁਲਾ ਦਿੱਤਾ ਗਿਆ ਹੈ ਕਿਉਂਕਿ ਬੱਚਿਆਂ ਅਤੇ ਨੋਜਵਾਨਾਂ ਨੂੰ ਮੋਬਾਇਲਾਂ, ਟੈਲੀਵਿਜ਼ਨਾਂ, ਦੋਸਤਾਂ ਮਿੱਤਰਾਂ, ਨਸਿ਼ਆਂ, ਐਸ਼ ਪ੍ਰਸਤੀਆਂ, ਸੰਵਾਦਾਂ ਫੈਸ਼ਨਾਂ ਨੇ ਕਾਬੂ ਕਰ ਲਿਆ ਹੈ, ਅਧਿਆਪਕਾਂ ਨੂੰ ਕੇਵਲ ਆਪਣੇ ਸਿਲੇਬਸ ਅਨੁਸਾਰ ਪੜਾਉਣ ਅਤੇ ਸਰਕਾਰੀ ਹੁਕਮਾਂ ਅਨੁਸਾਰ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਸਰਕਾਰਾਂ ਨੂੰ ਭੇਜਣ ਤੋਂ ਹੀ ਵਹਿਲ ਨਹੀਂ ਮਿਲਦੀ, ਮਾਪਿਆਂ ਨੂੰ ਵੱਧ ਤੋਂ ਵੱਧ ਧੰਨ ਦੌਲਤ ਸ਼ੋਹਰਤ ਕਮਾਉਣ ਅਤੇ ਆਪਣੀ ਜਵਾਨੀ ਦੇ ਸੰਵਾਦਾਂ ਫੈਸ਼ਨਾਂ ਦਿਖਾਵਿਆਂ ਨੂੰ ਪੂਰਾ ਕਰਨ ਤੋਂ ਵਹਿਲ ਮਿਲ ਜਾਵੇ ਤਾਂ ਮੋਬਾਈਲ ਫੋਨਾਂ ਤੇ ਮਨੋਰੰਜਨ ਕਰਦੇ ਹੋਏ ਜੀਵਨ ਬਤੀਤ ਹੋ ਰਹੇ ਹਨ। ਸਿਖਿਆ ਮੰਤਰੀ ਜੀ ਅਤੇ ਦੂਸਰੇ ਮੰਤਰੀਆਂ, ਧਾਰਮਿਕ ਲੀਡਰਾਂ ਨੂੰ ਧਿਆਨ ਹੀ ਨਹੀਂ ਕਿ ਹਰ ਸਾਲ 14 ਸਤੰਬਰ ਨੂੰ ਵਿਸ਼ਵ ਮੁਢੱਲੀ ਸਹਾਇਤਾ ਜੋਂ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਜਾਨੇਵਾ ਨੇ 1863 ਦੀ ਯਾਦ ਵਿੱਚ ਸ਼ੁਰੂ ਕੀਤੀ, ਜਾਂ ਫ਼ਸਟ ਏਡ ਦਿਵਸ਼ ਤੋਂ 20 ਸਤੰਬਰ ਨੂੰ ਭਾਈ ਘਨ੍ਹਈਆ ਜੀ ਯਾਦਗਾਰੀ ਮਿਸ਼ਨ ਅਤੇ 21 ਸਤੰਬਰ ਨੂੰ ਵਿਸ਼ਵ ਅਮਨ ਸ਼ਾਂਤੀ ਦਿਵਸ਼ ਤਹਿਤ ਇਹ ਸਪਤਾਹ, ਪੰਜਾਬ ਵਿੱਚ ਤਾਂ ਭਾਈ ਘਨ੍ਹਈਆ ਜੀ ਦੇ ਮਹਾਨ ਮਾਨਵਤਾਵਾਦੀ ਮਿਸ਼ਨ ਨੂੰ ਬੱਚਿਆਂ, ਨੋਜਵਾਨਾਂ, ਨਾਗਰਿਕਾਂ ਅਤੇ ਸਿਖਿਆ ਸੰਸਥਾਵਾਂ ਵਿਖ਼ੇ ਪਹੁੰਚਾਉਣ ਲਈ ਜੰਗੀ ਪੱਧਰ ਤੇ ਯਤਨ ਕੀਤੇ ਜਾਣੇ ਚਾਹੀਦੇ ਹਨ।ਪਟਿਆਲਾ ਵਿਖੇ 1980 ਤੋਂ 2012 ਤੱਕ ਭਾਰਤੀਆਂ ਰੈੱਡ ਕਰਾਸ ਸੁਸਾਇਟੀ ਦੇ ਟਰੇਨਿੰਗ ਅਫ਼ਸਰ ਅਤੇ ਫ਼ਸਟ ਏਡ ਟਰੇਨਿੰਗ ਦੇ ਸੁਪਰਵਾਈਜ਼ਰ ਵਲੋਂ ਸੇਵਾਵਾਂ ਨਿਭਾਉਣ ਅਤੇ ਭਾਈ ਘਨ੍ਹਈਆ ਜੀ ਦੇ ਮਹਾਨ ਮਾਨਵਤਾਵਾਦੀ ਸਿਧਾਂਤਾਂ ਅਤੇ ਕਾਰਜਾਂ ਨੂੰ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਘਰ ਘਰ ਪਹੁੰਚਾਉਣ ਵਾਲੇ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਹਰ ਸਾਲ ਇਹ ਸਪਤਾਹ ਭਾਈ ਘਨ੍ਹਈਆ ਜੀ ਨੂੰ ਸਮਰਪਿਤ ਕਰਕੇ ਵੱਧ ਤੋਂ ਵੱਧ ਜਾਗਰੂਕਤਾ ਕਰਕੇ ਮਣਾਇਆ ਜਾਂਦਾ ਹੈ। ਇਸ ਵਾਰ ਵੀ ਉਨ੍ਹਾਂ ਵਲੋਂ, ਲਗਾਤਾਰ ਮੁੱਢਲੀ ਸਹਾਇਤਾ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਅਤੇ ਅੰਤਰ ਸਕੂਲ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੌਰਾਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਭਾਈ ਘਨ੍ਹਈਆ ਜੀ, ਫਲੋਰੈਂਸ ਨਾਈਟਿੰਗੇਲ, ਸ੍ਰ ਜੀਨ ਹੈਨਰੀ ਡਿਉਨਾ ਅਤੇ ਲੈਫਟੀਨੈਂਟ ਜਨਰਲ ਸ੍ਰ ਬੈਡਨ ਪਾਵਲ ਜੀ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਦਸਣ ਅਤੇ ਦੂਸਰੇ ਵਿਦਿਆਰਥੀਆਂ ਦੀਆਂ ਟੀਮਾਂ ਵਲੋਂ ਕਿਸੇ ਬੱਚੇ ਦੇ ਮੱਥੇ ਤੋਂ ਖ਼ੂਨ ਵਗਣ, ਬਾਂਹ ਦੀ ਹੱਡੀ ਟੁੱਟਣ ਜਾਂ ਕਿਸੇ ਬੇਹੋਸ਼ ਬੱਚੇ ਨੂੰ ਮੁੱਢਲੀ ਸਹਾਇਤਾ ਕਰਨ ਜਾਂ ਘਰ ਸੰਸਥਾ ਜਾਂ ਸੜਕ ਤੇ ਕਿਸੇ ਨੂੰ ਦਿਲ ਦਾ ਦੌਰਾ ਪੈਂਣ, ਮਗਰੋਂ ਤੜਫ਼ ਰਹੇ ਅਤੇ ਮਗਰੋਂ ਬੇਹੋਸ਼ ਵਿਅਕਤੀ ਨੂੰ ਫ਼ਸਟ ਏਡ ਸੀ ਪੀ ਆਰ, ਕਰਨ ਦੇ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਹੈ ਪਰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਇਹ ਸਪਤਾਹ, ਬੱਚਿਆਂ ਅਤੇ ਨੋਜਵਾਨਾਂ ਨੂੰ ਜਾਗਰੂਕ ਕਰਕੇ ਮਣਾਉਣ ਬਾਰੇ ਕੋਈ ਲਿਖਤੀ ਹੁਕਮ ਜਾਰੀ ਨਹੀਂ ਕੀਤੇ।ਜਿਨ੍ਹਾਂ ਸਿਖਿਆ ਸੰਸਥਾਵਾਂ ਵਿਖ਼ੇ ਪੁਰਾਣੇ ਅਧਿਆਪਕ ਹਨ, ਉਨ੍ਹਾਂ ਵਲੋਂ ਜ਼ਰੂਰ ਬੱਚਿਆਂ ਨੂੰ ਭਾਈ ਘਨ੍ਹਈਆ ਜੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪਰ 98 ਪ੍ਰਤੀਸ਼ਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਈ ਘਨ੍ਹਈਆ ਜੀ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਜ਼ਖ਼ਮੀ ਅਤੇ ਪਿਆਸੇ ਸੈਨਿਕਾਂ ਨੂੰ ਪਾਣੀ ਪਿਲਾਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਨਵਤਾਵਾਦੀ ਸਿਧਾਂਤਾਂ ਤਹਿਤ ਸੇਵਾ ਸੰਭਾਲ ਕੀਤੀ। ਜਦੋਂ ਗੁਰੂ ਜੀ ਨੂੰ ਪਤਾ ਲਗਾ ਕਿ ਸੈਨਿਕ ਵੱਧ ਖੂਨ ਵਗਣ ਕਾਰਨ, ਬੇਹੋਸ਼ ਹੋ ਕੇ ਡਿਗ ਰਹੇ ਹਨ ਅਤੇ ਮੌਤਾਂ ਹੋ ਰਹੀਆਂ ਹਨ ਤਾਂ ਉਨ੍ਹਾਂ ਨੇ ਸੰਸਾਰ ਦੇ ਪਹਿਲੇ ਫ਼ਸਟ ਏਡ ਬਕਸੇ ਤਿਆਰ ਕਰਕੇ, ਉਨ੍ਹਾਂ ਵਿੱਚ ਪਟੀਆਂ ਅਤੇ ਮਲ੍ਹਮ ਰਖਕੇ, ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜ਼ਖ਼ਮੀ ਸੈਨਿਕਾਂ ਦੀ ਫ਼ਸਟ ਏਡ ਕਰਨ ਲਈ ਪ੍ਰੇਰਿਤ ਕੀਤਾ ਜਿਨ੍ਹਾਂ ਸਦਕਾ ਹਜ਼ਾਰਾਂ ਜ਼ਖ਼ਮੀ ਸੈਨਿਕਾਂ ਨੂੰ ਨਵਾਂ ਜੀਵਨ ਪ੍ਰਦਾਨ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਜੰਗਾਂ ਹੋਈਆਂ ਤਾਂ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਮਰਨ ਤੋਂ ਬਚਾਉਣ ਲਈ ਕੋਈ ਫ਼ਸਟ ਏਡ ਮਦਦਗਾਰ ਦੋਸਤ ਨਹੀਂ ਮਿਲ਼ਦੇ ਹਨ। ਸਚਾਈ ਹੈ ਕਿ ਸਿੰਘ ਸੈਨਿਕਾਂ ਨਾਲ ਜੰਗ ਕਰਨ ਲਈ ਆਏ ਮੁਗ਼ਲ ਸੈਨਿਕਾਂ ਨੇ ਵੀ ਦੁਨੀਆਂ ਦੇ ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਮਿਸ਼ਨ ਨੂੰ ਨਹੀਂ ਸਮਝਿਆ ਕਿ ਇੱਕ ਪਾਸੇ ਗੁਰੂ ਜੀ ਦੇ ਹੁਕਮਾਂ ਅਨੁਸਾਰ ਸਿੱਖ ਸੈਨਿਕਾਂ ਵਲੋਂ ਮੁਗ਼ਲ ਸੈਨਿਕਾਂ ਨੂੰ ਮਾਰਿਆ ਜਾ ਰਿਹਾ ਸੀ ਅਤੇ ਦੂਜੇ ਪਾਸੇ ਜ਼ਖ਼ਮੀ ਅਤੇ ਤੜਫਦੇ ਮੁਗਲ ਸੈਨਿਕਾਂ ਨੂੰ ਪਾਣੀ ਅਤੇ ਮੱਲ੍ਹਮ ਪੱਟੀਆਂ ਕਰਕੇ, ਮਰਨ ਤੋਂ ਬਚਾਉਣ ਲਈ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀ, ਪਾਣੀ ਅਤੇ ਫ਼ਸਟ ਏਡ ਬਕਸੇ ਲੈਕੇ ਜੰਗ ਦੇ ਮੈਦਾਨ ਵਿੱਚ ਸੇਵਾ ਕਰਦੇ ਫਿਰਦੇ ਰਹੇ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਮਾਨਵਤਾਵਾਦੀ ਸਿਧਾਂਤਾਂ ਤਹਿਤ 1859 ਵਿੱਚ ਸਾਲਫਰੀਨੋ ਦੀ ਜੰਗ ਸਮੇਂ ਸਵਿਟਜ਼ਰਲੈਂਡ ਵਾਸੀ ਸ੍ਰ ਜੀਨ ਹੈਨਰੀ ਡਿਉਨਾ ਜੀ ਨੇ 40,000 ਜ਼ਖ਼ਮੀ ਸੈਨਿਕਾਂ ਦੀ ਫ਼ਸਟ ਏਡ ਸੇਵਾ ਸੰਭਾਲ ਕਰਕੇ, 22,000 ਸੈਨਿਕਾਂ ਨੂੰ ਮਰਨ ਤੋਂ ਬਚਾਇਆ ਪਰ ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਕੋਲ ਸਿਖਿਅਤ ਨੋਜਵਾਨ ਅਤੇ ਸੈਨਿਕ ਹੁੰਦੇ ਤਾਂ ਉਹ ਹੋਰ ਵੀ ਕੀਮਤੀ ਜਾਨਾਂ ਬਚਾ ਸਕਦੇ ਸਨ।ਇਸੇ ਮਿਸ਼ਨ ਤਹਿਤ ਉਨ੍ਹਾਂ ਨੇ 1863 ਵਿੱਚ ਜਾਨੇਵਾ ਵਿਖੇ ਰੈੱਡ ਕਰਾਸ ਅਤੇ ਜੰਗਾਂ ਦੌਰਾਨ ਜ਼ਖ਼ਮੀ ਸੈਨਿਕਾਂ ਦੀ ਸਹਾਇਤਾ ਲਈ ਫ਼ਸਟ ਏਡ ਟੀਮਾਂ ਤਿਆਰ ਕਰਵਾਈਆਂ। ਅਜ ਰੈੱਡ ਕਰਾਸ ਵੰਲਟੀਅਰ, ਭਾਰਤ ਦੇਸ਼ ਅਤੇ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਜਾਨੇਵਾ ਸੰਧੀਆਂ ਅਨੁਸਾਰ ਜੰਗਾਂ, ਮਹਾਂਮਾਰੀਆਂ ਅਤੇ ਆਫਤਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ, ਪੀੜਤਾਂ ਨੂੰ ਸੁਰੱਖਿਆ ਬਚਾਉ ਮਦਦ ਮੁੜਬਸੇਵੇ ਲਈ ਲਗਾਤਾਰ ਯਤਨ ਕਰਦੇ ਰਹਿੰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ 1920 ਵਿੱਚ ਸ਼ੁਰੂ ਹੋਈ ਰੈੱਡ ਕਰਾਸ ਅਤੇ 1924 ਵਿੱਚ ਪੰਜਾਬ ਦੀ ਧਰਤੀ ਤੋਂ ਸ਼ੁਰੂ ਕੀਤੀ ਜੂਨੀਅਰ ਰੈੱਡ ਕਰਾਸ, ਖਤਮ ਹੋਣ ਦੇ ਕਿਨਾਰੇ ਹੈ ਕਿਉਂਕਿ ਸਕੂਲਾਂ ਕਾਲਜਾਂ ਵਿਖੇ ਰੈੱਡ ਕਰਾਸ ਅਤੇ ਫ਼ਸਟ ਏਡ ਗਤੀਵਿਧੀਆਂ ਖਤਮ ਹੋਣ ਕਾਰਨ, ਭਾਈ ਘਨ੍ਹਈਆ ਜੀ ਅਤੇ ਸ੍ਰ ਜੀਨ ਹੈਨਰੀ ਡਿਉਨਾ ਜੀ ਦੇ ਮਿਸ਼ਨ ਦੀ ਭਾਵਨਾਵਾਂ, ਇਰਾਦੇ, ਆਦਤਾਂ, ਹੋਂਸਲੇ ਅਤੇ ਵਾਤਾਵਰਨ ਖਤਮ ਹੋ ਰਹੇ ਹਨ।