ਅਕਾਲੀ ਦਲ ਸੁਤੰਤਰ, ਭਾਜਪਾ ਪਾਰਟੀ ਅਤੇ ਹਿੰਦੂ ਸਮਾਜ ਵੱਲੋਂ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਲਗਾਇਆ ਗਿਆ ਰੋਸ ਧਰਨਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 September, 2024, 06:27 PM

ਅਕਾਲੀ ਦਲ ਸੁਤੰਤਰ, ਭਾਜਪਾ ਪਾਰਟੀ ਅਤੇ ਹਿੰਦੂ ਸਮਾਜ ਵੱਲੋਂ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਲਗਾਇਆ ਗਿਆ ਰੋਸ ਧਰਨਾ
ਮਾਮਲਾ ਹਿੰਦੂ ਦੇਵੀ ਦੇਵਤਿਆਂ ਦੀਆਂ ਲੱਗੀਆਂ ਫਲੈਕਸਾਂ ਨੂੰ ਫਾੜ ਕੇ ਮਿਉਂਸਪਲ ਕਮੇਟੀ ਦੀ ਕੂੜੇ ਵਾਲੀ ਟਰਾਲੀ ਵਿੱਚ ਸੁੱਟਣ ਦਾ
ਨਾਭਾ 17 ਸਤੰਬਰ () ਅਕਾਲੀ ਦਲ ਸੁਤੰਤਰ, ਭਾਜਪਾ ਪਾਰਟੀ ਦੇ ਆਗੂਆ ਅਤੇ ਹਿੰਦੂ ਸਮਾਜ ਵੱਲੋਂ ਨਾਭਾ ਵਿਖੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਖਿਲਾਫ ਐਸਡੀਐਮ ਦਫਤਰ ਅੱਗੇ ਰੋਸ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ, ਭਾਜਪਾ ਪਾਰਟੀ ਵਪਾਰ ਵਿੰਗ ਦੇ ਵਾਈਸ ਪ੍ਰਧਾਨ ਪੰਜਾਬ ਰਾਜੇਸ਼ ਬਾਂਸਲ ਬੱਬੂ, ਜ਼ਿਲ੍ਹਾ ਪ੍ਰਧਾਨ ਬਰਿੰਦਰ ਸਿੰਘ ਬਿੱਟੂ, ਜ਼ਿਲ੍ਹਾ ਵਾਈਸ ਪ੍ਰਧਾਨ ਸੰਨੀ ਸਿੰਗਲਾ, ਮੰਡਲ ਪ੍ਰਧਾਨ ਪਰਮਿੰਦਰ ਗੁਪਤਾ ਨੇ ਕਿਹਾ ਕਿ ਨਾਭਾ ਵਿਖੇ ਬਾਮਨ ਦੁਆਦਸੀ, ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹਿੰਦੂ ਸਮਾਜ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਤਿਉਹਾਰ ਸੰਬੰਧੀ ਵੱਖ-ਵੱਖ ਹਿੰਦੂ ਧਾਰਮਿਕ ਸੰਸਥਾਵਾਂ ਵਲੋਂ ਸ਼ਹਿਰ ਦੇ ਮੇਨ ਚੌਕਾਂ ਵਿੱਚ ਫਲੈਕਸ ਬੋਰਡ ਲਗਵਾਏ ਗਏ ਸਨ। ਜਿਹਨਾਂ ਫਲੈਕਸ ਬੋਰਡਾਂ ਉਪਰ ਭਗਵਾਨ ਗਣੇਸ਼, ਬਾਮਨ ਭਗਵਾਨ ਅਤੇ ਵੱਖ-ਵੱਖ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਛੱਪੀਆਂ ਹੋਈਆ ਸਨ। ਉਨ੍ਹਾਂ ਕਿਹਾ ਕਿ 14-09-2024 ਨੂੰ ਰਾਤ ਵੇਲੇ ਉਕਤ ਦੋਸ਼ੀ ਪੰਕਜ ਚਾਵਲਾ ਉਰਫ ਪੰਕਜ ਪੱਪੂ ਸਟੀਲ ਪਤੀ ਸੁਜਾਤਾ ਚਾਵਲਾ ਪ੍ਰਧਾਨ ਮਿਉਂਸਪਲ ਕੌਂਸਲ ਨਾਭਾ ਸਮੇਤ 4-5 ਨਾ-ਮਾਲੂਮ ਮਿਉਂਸਪਲ ਕੌਂਸਲਰ ਨਾਭਾ ਉਕਤ ਬਾਮਨ ਦੁਆਦਸੀ ਅਤੇ ਗਣੇਸ਼ ਚਤੁਰਥੀ ਸੰਬੰਧੀ ਹਿੰਦੂ ਦੇਵੀ ਦੇਵਤਿਆਂ ਦੀਆਂ ਲੱਗੀਆਂ ਫਲੈਕਸਾਂ ਨੂੰ ਬੜੀ ਬੇਰਹਿਮੀ ਨਾਲ ਉਤਾਰ ਕੇ ਅਤੇ ਫਾੜ ਕੇ ਮਿਉਂਸਪਲ ਕਮੇਟੀ ਦੀ ਕੂੜੇ ਵਾਲੀ ਟਰਾਲੀ ਵਿੱਚ ਸੁੱਟ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਘਟੀਆ ਹਰਕਤ ਕੀਤੀ ਗਈ। ਜਿਸ ਨਾਲ ਧਾਰਮਿਕ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਨਾਭਾ ਹਿੰਦੂ ਸਮਾਜ ਉਕਤ ਦੋਸ਼ੀਆਨ ਵਲੋਂ ਕੀਤੇ ਗਏ ਅਜਿਹੇ ਵਤੀਰੇ ਸੰਬੰਧੀ ਰੋਸ ਵਿੱਚ ਹੈ। ਇਸ ਦੇ ਸੰਬੰਧ ਵਿੱਚ ਮਿਤੀ 16-09-2024 ਨੂੰ ਵਪਾਰ ਮੰਡਲ ਨਾਭਾ ਵੱਲੋਂ ਨਾਭਾ ਦਾ ਸਾਰਾ ਬਜਾਰ ਅੱਧੇ ਦਿਨ ਲਈ ਬੰਦ ਰਿਹਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਨ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਨਾਭਾ ਦਾ ਸਾਰਾ ਹਿੰਦੂ ਸਮਾਜ ਦੋਸ਼ੀਆਨ ਪ੍ਰਤੀ ਬਹੁਤ ਰੋਸ਼ ਹੈ, ਜਿਸ ਕਰਕੇ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਐਤਵਾਰ ਤੱਕ ਉਕਤ ਦੋਸ਼ੀਆਨ ਦੇ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਸੋਮਵਾਰ ਤੋਂ ਰੋਜ਼ਾਨਾ ਐਸਡੀਐਮ ਦਫਤਰ ਅੱਗੇ ਰੋਸ ਧਰਨਾ ਲਗਾਇਆ ਜਾਵੇਗਾ। ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਐਸਡੀਐਮ ਨਾਭਾ ਤਰਸੇਮ ਚੰਦ ਨੂੰ ਉਕਤ ਦੋਸ਼ੀਆਨ ਦੇ ਖਿਲਾਫ ਜੇਰੇ ਧਾਰਾ 299 ਅਤੇ 61 (2) ਬੀ.ਐਨ.ਐਸ 2023 ਦੇ ਖਿਲਾਫ ਮੁਕੱਦਮਾ ਦਰਜ ਕਰਵਾਉਣ ਅਤੇ ਸ਼ਹਿਰ ਵਾਸੀਆਂ ਨੂੰ ਇਨਸਾਫ ਦਿਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਜਦੋਂ ਇਸ ਸਬੰਧੀ ਐਸਡੀਐਮ ਨਾਭਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਦੇ ਪਤੀ ਮਨੀਸ਼ ਚਾਵਲਾ ਪੰਕਜ ਪੱਪੂ ਵੱਲੋਂ ਬੀਤੀ ਦਿਨੀ ਪਟਿਆਲਾ ਗੇਟ ਵਿਖੇ ਇਸ ਘਟਨਾ ਨੂੰ ਲੈ ਕੇ ਮਾਫੀ ਮੰਗੀ ਗਈ ਸੀ। ਪ੍ਰੰਤੂ ਅਕਾਲੀ ਦਲ ਸੁਤੰਤਰ, ਭਾਜਪਾ ਪਾਰਟੀ ਦੇ ਅਹੁਦੇਦਾਰਾਂ ਅਤੇ ਹਿੰਦੂ ਸਮਾਜ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ, ਉਸ ਮੰਗ ਪੱਤਰ ਦੀ ਕਾਪੀ ਪੁਲਿਸ ਪ੍ਰਸ਼ਾਸਨ ਨੂੰ ਭੇਜ ਦਿੱਤੀ ਜਾਵੇਗੀ। ਇਸ ਮੌਕੇ ਲਾਇਨਜ਼ ਕਲੱਬ ਪ੍ਰਧਾਨ ਸੰਨੀ ਸਿੰਗਲਾ, ਬੀਜੇਪੀ ਮੰਡਲ ਪ੍ਰਧਾਨ ਪਰਮਿੰਦਰ ਗੁਪਤਾ, ਅਮਰ ਚੰਦ ਕਥੂਰੀਆ, ਗਿਰਧਾਰੀ ਲਾਲ ਬਾਂਸਲ, ਐਡਵੋਕੇਟ ਨਰਿੰਦਰ ਸ਼ਰਮਾ, ਐਡਵੋਕੇਟ ਅਤੁਲ ਬਾਂਸਲ, ਅਸ਼ੋਕ ਜਿੰਦਲ, ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੁਰ, ਅਸ਼ੋਕ ਜਿੰਦਲ, ਹੈਪੀ ਸੁੱਖੇਵਾਲ, ਬਿੰਦਾ ਵਿਰਕ, ਜਤਿੰਦਰ ਗੁਪਤਾ, ਆਦਿ ਹਾਜ਼ਰ ਸਨ।