ਪੰਜਾਬ ਪੁਲਿਸ ਨੇ ਰਾਜ ਭਰ ਦੀਆਂ ਜ਼ਿਲਾ ਅਤੇ ਉਪ-ਮੰਡਲ ਅਦਾਲਤਾਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਦੁਆਰਾ: News ਪ੍ਰਕਾਸ਼ਿਤ :Tuesday, 02 May, 2023, 08:25 PM

ਪੁਲਿਸ ਟੀਮਾਂ ਨੇ ਪੰਜਾਬ ਵਿੱਚ 1796 ਸ਼ੱਕੀ ਵਿਅਕਤੀਆਂ ਦੀ ਕੀਤੀ ਤਲਾਸ਼ੀ, 1768 ਵਾਹਨਾਂ ਦੀ ਵੀ ਕੀਤੀ ਚੈਕਿੰਗ

– ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ

– ਵਿਸ਼ੇਸ਼ ਡੀਜੀਪੀ ਅਰਪਿਤ ਸੁਕਲਾ ਨੇ ਸੀਪੀਜ/ਐਸਐਸਪੀਜ ਨੂੰ ਬਾਰ ਐਸੋਸੀਏਸ਼ਨਾਂ ਨਾਲ ਕਅਰਟਸੀ ਮੀਟਿੰਗਾਂ ਕਰਨ ਦਾ ਦਿੱਤਾ ਮਸ਼ਵਰਾ

– ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਨੇ ਕਿਹਾ ਕਿ ਨਿਆਂਇਕ ਕੰਪਲੈਕਸਾਂ ਵਿੱਚ ਨਿਰਵਿਘਨ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਕਦਮ

ਚੰਡੀਗੜ, 2 ਮਈ:

ਸਾਰੇ ਨਿਆਂਇਕ ਕੰਪਲੈਕਸਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਰਾਜ ਭਰ ਦੀਆਂ ਜ਼ਿਲਾ ਅਤੇ ਸਬ-ਡਵੀਜਨਲ ਅਦਾਲਤਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਡੋਰ ਫਰੇਮ ਮੈਟਲ ਡਿਟੈਕਟਰ (ਡੀਐਫਐਮਡੀ), ਕਲੋਜਡ ਸਰਕਟ ਟੈਲੀਵਿਜਨ (ਸੀ.ਸੀ.ਟੀ.ਵੀ. ) ਕੈਮਰੇ ਅਤੇ ਲਗਾਏ ਗਏ ਹੋਰ ਸੁਰੱਖਿਆ ਉਪਕਰਨ ਕੰਮ ਕਰਨ ਲਈ ਬਾ-ਦਰੁਸਤ ਹਨ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਦੇ ਸਾਰੇ 28 ਪੁਲਿਸ ਜਿਲਿਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਇੱਕੋ ਸਮੇਂ ਚੈਕਿੰਗ ਕੀਤੀ ਗਈ। ਸੀਪੀਜ/ਐਸਐਸਪੀਜ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਨਿੱਜੀ ਤੌਰ ‘ਤੇ ਇਸ ਤਲਾਸ਼ੀ ਅਭਿਆਨ ਦੀ ਨਿਗਰਾਨੀ ਕਰਨ ਅਤੇ ਚੈਕਿੰਗ ਕਰਨ ਲਈ ਲੋੜੀਂਦੀ ਗਿਣਤੀ ਵਿੱਚ ਪੁਲਿਸ ਟੀਮਾਂ ਦਾ ਗਠਨ ਕੀਤਾ ਜਾਵੇ।

ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਐਸਪੀਜ/ਡੀਐਸਪੀਜ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਰਾਜ ਭਰ ਦੀਆਂ ਲਗਭਗ 68 ਅਦਾਲਤਾਂ ਵਿੱਚ ਚੈਕਿੰਗ ਕੀਤੀ।

ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਉਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਅਦਾਲਤੀ ਕੰਪਲੈਕਸਾਂ ਦੇ ਲਾਗ-ਪਾਸ ਘੁੰਮਦੇ 1796 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਅਤੇ 1768 ਵਾਹਨਾਂ ਦੀ ਚੈਕਿੰਗ ਵੀ ਕੀਤੀ।

ਉਨਾਂ ਕਿਹਾ ਕਿ ਇਹ ਚੈਕਿੰਗ ਕਰਨ ਦਾ ਮਕਸਦ ਸੂਬੇ ਦੇ ਜੁਡੀਸ਼ੀਅਲ ਕੰਪਲੈਕਸਾਂ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਕੇ ਸਮਾਜ ਵਿਰੋਧੀ ਅਨਸਰਾਂ ‘ਤੇ ਨਕੇਲ ਕੱਸਣਾ ਹੈ ।

ਵਿਸ਼ੇਸ਼ ਡੀਜੀਪੀ ਨੇ ਇਸ ਕਦਮ ਨੂੰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ,“ਅਸੀਂ ਸੀਪੀਜ/ਐਸਐਸਪੀਜ ਨੂੰ ਅਗਲੇ ਤਿੰਨ ਦਿਨਾਂ ਵਿੱਚ ਬਾਰ ਐਸੋਸੀਏਸ਼ਨਾਂ ਨਾਲ ਕਰਟਸੀ ਮੀਟਿੰਗਾਂ ਕਰਨ ਦਾ ਮਸ਼ਵਰਾ ਦਿੱਤਾ ਹੈ।”

ਜ਼ਿਕਰਯੋਗ ਹੈ ਕਿ ਸੀਪੀਜ/ਐਸਐਸਪੀਜ ਨੂੰ ਸਮਾਜ ਵਿਰੋਧੀ ਅਨਸਰਾਂ ‘ਤੇ ਨਿਗਰਾਨੀ ਵਧਾਉਣ ਲਈ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਦੇ ਆਲੇ-ਦੁਆਲੇ ਪੁਲਿਸ ਗਸ਼ਤ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ।