ਕੋਰੀਓਗ੍ਰਾਫਰ ਜਾਨੀ ਹੋਇਆ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

ਕੋਰੀਓਗ੍ਰਾਫਰ ਜਾਨੀ ਹੋਇਆ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ
ਹੈਦਰਾਬਾਦ : ਮਸ਼ਹੂਰ ਕੋਰੀਗ੍ਰਾਫਰ ਜਾਨੀ ਮਾਸਟਰ ਨੂੰ ਪੁਲਸ ਨੇ ਉਸ ਦੇ ਨਾਲ ਕੰਮ ਕਰਨ ਵਾਲੀ ਮਹਿਲਾ ਵੱਲੋਂ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਏ ਜਾਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਤਿਲੰਗਾਨਾ ਭਾਜਪਾ ਦੇ ਮਹਿਲਾ ਮੋਰਚਾ ਨੇ ਕਿਹਾ ਕਿ ਪਾਰਟੀ ਇਸ ਨੂੰ ‘ਲਵ ਜੇਹਾਦ’ ਦਾ ਮਾਮਲਾ ਮੰਨਦੀ ਹੈ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਨੀ ਮਾਸਟਰ ਦਾ ਅਸਲੀ ਨਾਮ ਸ਼ੇਖ ਜਾਨੀ ਹੈ। ਉਸ ਨੂੰ ਗੋਆ ਵਿੱਚ ਸਾਈਬਰਾਬਾਦ ਪੁਲਸ ਨੇ ਗ੍ਰਿਫ਼ਤਾਰ ਕੀਤਾ, ਜਿਥੇ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਤੋਂ ‘ਟਰਾਂਜ਼ਿਟ ਵਾਰੰਟ’ ਹਾਸਲ ਕਰਨ ਤੋਂ ਬਾਅਦ ਉਸ ਨੂੰ ਹੈਦਰਾਬਾਦ ਲਿਆਂਦਾ ਜਾਵੇਗਾ। ਮਹਿਲਾ ਵੱਲੋਂ ਆਊਟਡੋਰ ਸ਼ੂਟਿੰਗ ਦੌਰਾਨ ਜਾਨੀ ਮਾਸਟਰ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਸਾਈਬਰਾਬਾਦ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ, ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਇਸ ਵਿਚਾਲੇ, ‘ਤੇਲਗੂ ਫਿਲਮ ਚੈਂਬਰ ਆਫ਼ ਕਾਮਰਸ’ ਵੱਲੋਂ ਗਠਿਤ ਕਮੇਟੀ ਨੇ ਵੀ ਜਾਨੀ ਮਾਸਟਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
