ਜਲੰਧਰ ਦਿਹਾਤੀ ਪੁਲਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਕ ਸਾਂਝੇ ਆਪ੍ਰੇਸ਼ਨ ’ਚ 3 ਬਦਨਾਮ ਨਸ਼ਾ ਸਮੱਗਲਰਾਂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ ਦਿਹਾਤੀ ਪੁਲਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਕ ਸਾਂਝੇ ਆਪ੍ਰੇਸ਼ਨ ’ਚ 3 ਬਦਨਾਮ ਨਸ਼ਾ ਸਮੱਗਲਰਾਂ ਨੂੰ ਕੀਤਾ ਗ੍ਰਿਫ਼ਤਾਰ
ਜਲੰਧਰ : ਪੰਜਾਬ ਦੇ ਜਲੰਧਰ ਦਿਹਾਤੀ ਪੁਲਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਕ ਸਾਂਝੇ ਆਪ੍ਰੇਸ਼ਨ ’ਚ 3 ਬਦਨਾਮ ਨਸ਼ਾ ਸਮੱਗਲਰ ਜਿਨ੍ਹਾਂ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਲੋੜੀਂਦਾ ਤੇ ਭਗੌੜਾ ਅਪਰਾਧੀ, ਨਾਮੀ ਨਸ਼ਾ ਸਮੱਗਲਰ ਰਾਣੋ ਸ਼ਾਮਲ ਹਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੀਮ ਨੇ 1.12 ਲੱਖ ਰੁਪਏ ਦੀ ਡਰੱਗ ਮਨੀ, ਸੋਨੇ ਦੇ ਗਹਿਣੇ ਤੇ ਇਕ ਗੱਡੀ ਵੀ ਬਰਾਮਦ ਕੀਤੀ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਰਾਣੋ ਪਤਨੀ ਦਰਸ਼ਨ ਲਾਲ ਵਾਸੀ ਪੱਟੀ ਤੱਖਰ ਸ਼ੰਕਰ, ਥਾਣਾ ਸਦਰ ਨਕੋਦਰ, ਉਸ ਦੀ ਪੁੱਤਰੀ ਬਲਜਿੰਦਰ ਕੌਰ ਪਤਨੀ ਪਰਮਿੰਦਰ ਕੁਮਾਰ ਵਾਸੀ ਪਿੰਡ ਲੰਗੜੋਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਉਨ੍ਹਾਂ ਦਾ ਡਰਾਈਵਰ, ਸੁਖਦੇਵ ਉਰਫ਼ ਦਾਨੀ ਵਜੋਂ ਹੋਈ ਹੈ। ਰਾਣੋ ’ਤੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 17 ਕੇਸ ਦਰਜ ਹਨ। ਗੱਡੀ ਨੰ. ਪੀ. ਬੀ-10-ਐੱਫਸੀ-5511 ਹੈ, ਜਿਸ ਦੀ ਨਸ਼ਾ ਸਮੱਗਲਿੰਗ ਲਈ ਵਰਤੇ ਜਾਣ ਦਾ ਸ਼ੱਕ ਹੈ, ਨੂੰ ਵੀ ਜ਼ਬਤ ਕੀਤਾ ਗਿਆ ਹੈ। ਸੀਨੀ. ਕਪਤਾਨ ਪੁਲਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਜਿ਼ਲੇ ਵਿਚ ਨਸ਼ਿਆਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਵਿੱਢੀ ਗਈ ਵੱਡੀ ਮੁਹਿੰਮ ਦਾ ਹਿੱਸਾ ਹਨ। ਇਹ ਸਾਂਝਾ ਆਪ੍ਰੇਸ਼ਨ ਐੱਸ. ਪੀ. (ਇਨਵੈਸਟੀਗੇਸ਼ਨ) ਜਸਰੂਪ ਕੌਰ ਬਾਠ ਦੀ ਦੇਖ-ਰੇਖ ਹੇਠ ਡੀ. ਐੱਸ. ਪੀ. ਕੁਲਵਿੰਦਰ ਸਿੰਘ ਵਿਰਕ, ਥਾਣਾ ਸਦਰ ਨਕੋਦਰ ਦੇ ਐੱਸ. ਐੱਚ. ਓ. ਸਬ-ਇੰਸ. ਬਲਜਿੰਦਰ ਸਿੰਘ ਤੇ ਏ. ਜੀ. ਟੀ. ਐੱਫ. ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਚਲਾਇਆ ਗਿਆ। ਹੈਰੋਇਨ ਦੀ ਸਮੱਗਲਿੰਗ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਰਾਣੋ ਦੇਵੀ ਲੋੜੀਂਦੀ ਸੀ। ਉਸ ਨੇ ਅਕਸ਼ੈ ਛਾਬੜਾ ਤੋਂ ਹੈਰੋਇਨ ਪ੍ਰਾਪਤ ਕੀਤੀ ਸੀ, ਜਿਸ ਨੇ ਅਜੈ ਕੁਮਾਰ ਉਰਫ਼ ਗੋਰਾ ਗਰੋਵਰ ਤੇ ਸੰਦੀਪ ਸਿੰਘ ਉਰਫ਼ ਦੀਪੂ ਰਾਹੀਂ ਵਿਸ਼ਵਕਰਮਾ ਚੌਕ, ਲੁਧਿਆਣਾ ’ਚ ਨਸ਼ਾ ਪਹੁੰਚਾਇਆ ਸੀ। ਰਾਣੋ ਨੇ ਪਹਿਲਾਂ 15 ਨਵੰਬਰ, 2022 ਨੂੰ 20.326 ਕਿਲੋਗ੍ਰਾਮ ਦੀ ਵੱਡੀ ਜ਼ਬਤ ’ਚੋਂ 2 ਕਿਲੋਗ੍ਰਾਮ ਹੈਰੋਇਨ ਖਰੀਦਣ ਲਈ ਪੇਸ਼ਗੀ ਭੁਗਤਾਨ ਕੀਤਾ ਸੀ। ਐੱਸ.ਐੱਸ.ਪੀ. ਖੱਖ ਨੇ ਸਮੱਗਲਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਲੰਧਰ ਦਿਹਾਤੀ ਪੁਲਸ, ਏ. ਜੀ. ਟੀ. ਐੱਫ. ਵਰਗੀਆਂ ਏਜੰਸੀਆਂ ਦੇ ਸਹਿਯੋਗ ਨਾਲ ਨਸ਼ੇ ਦੇ ਅਪਰਾਧੀਆਂ ਦਾ ਡੱਟ ਕੇ ਪਿੱਛਾ ਕਰਨ ਲਈ ਵਚਨਬੱਧ ਹੈ।
