ਖਾਂ ਦਾਨ ਪੰਦਰਵਾੜਾ: ਸਿਹਤ ਵਿਭਾਗ ਕੌਲੀ ਵੱਲੋਂ ਜਾਗਰੂਕਤਾ ਗਤੀਵਿਧੀਆਂ ਜਾਰੀ

ਖਾਂ ਦਾਨ ਪੰਦਰਵਾੜਾ: ਸਿਹਤ ਵਿਭਾਗ ਕੌਲੀ ਵੱਲੋਂ ਜਾਗਰੂਕਤਾ ਗਤੀਵਿਧੀਆਂ ਜਾਰੀ
ਹਰ ਵਿਅਕਤੀ ਅੱਖਾਂ ਦਾਨ ਕਰਨ ਲਈ ਸਹਿਮਤੀ ਫ਼ਾਰਮ ਭਰੇ: ਡਾ. ਨਾਗਰਾ
ਅੱਖਾਂ ਦਾਨ ਪੰਦਰਵਾੜੇ ਦਾ ਉਦੇਸ਼ ਕੌਰਨੀਆ ਦੀ ਮੰਗ ਅਤੇ ਸਪਲਾਈ ਵਿਚਕਾਰ ਪਾੜੇ ਨੂੰ ਘੱਟ ਕਰਨਾ : ਡਾ. ਨਾਗਰਾ
ਕੌਲੀ, 2 ਸਤੰਬਰ : ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਸਿਹਤ ਬਲਾਕ ਕੌਲੀ ਵੱਲੋਂ ਅੱਖਾਂ ਦਾਨ ਪੰਦਰਵਾੜੇ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। 39ਵੇਂ ਅੱਖਾਂ ਦਾਨ ਸਬੰਧੀ ਪੰਦਰਵਾੜੇ ਦੇ ਸੰਦਰਭ ਵਿੱਚ ਅੱਖਾਂ ਦਾਨ ਸਬੰਧੀ ਆਮ ਲੋਕਾਂ ਨੂੰ ਸੁਨੇਹਾ ਦਿੰਦਿਆਂ ਡਾਕਟਰ ਨਾਗਰਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸਦਾ ਉਦੇਸ਼ ਸਮਾਜਿਕ ਜਾਗਰੂਕਤਾ ਪੈਦਾ ਕਰਕੇ ਕੌਰਨੀਆ ਦੀ ਮੰਗ ਅਤੇ ਸਪਲਾਈ ਵਿਚਕਾਰ ਪਾੜੇ ਨੂੰ ਘੱਟ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੰਦਰਵਾੜੇ ਦੌਰਾਨ ਲੋਕਾਂ ਨੂੰ ਪ੍ਰੇਰਿਤ ਕਰ ਕੇ ਅੱਖਾਂ ਦਾਨ ਕਰਨ ਸਬੰਧੀ ਸਹਿਮਤੀ ਫ਼ਾਰਮ ਭਰਵਾਏ ਜਾ ਰਹੇ ਹਨ। ਇਹ ਫ਼ਾਰਮ ਸਰਕਾਰੀ ਸਿਹਤ ਸੰਸਥਾਵਾਂ ਵਿਚ ਉਪਲੱਬਧ ਹਨ ਅਤੇ ਕੋਈ ਵੀ ਚਾਹਵਾਨ ਵਿਅਕਤੀ ਉੱਥੇ ਜਾ ਕੇ ਫ਼ਾਰਮ ਭਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਲੱਖਾਂ ਲੋਕ ਨੇਤਰਹੀਣਤਾ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਲੋਕ ਦਾਨ ਕੀਤੀਆਂ ਅੱਖਾਂ ਰਾਹੀਂ ਵੇਖ ਸਕਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ’ਚ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਅਤਿ ਅਹਿਮ ਅੰਗ ਹਨ, ਇਸ ਲਈ ਇਨ੍ਹਾਂ ਦੀ ਜਾਂਚ ਹਰ ਛੇ ਮਹੀਨੇ ਮਗਰੋਂ ਘੱਟੋ-ਘੱਟ ਇਕ ਵਾਰ ਜ਼ਰੂਰ ਕਰਾਉਣੀ ਚਾਹੀਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਅੱਖਾਂ ਦੇ ਦਾਨ ਦੀ ਮੁਹਿੰਮ ’ਚ ਅੱਗੇ ਹੋ ਕੇ ਯੋਗਦਾਨ ਪਾਉਣ ਅਤੇ ਆਪਣੇ ਪਰਿਵਾਰ ਜੀਆਂ, ਰਿਸ਼ਤੇਦਾਰਾਂ, ਦੋਸਤਾਂ ਨੂੰ ਵੀ ਇਸ ਨੇਕ ਕੰਮ ਲਈ ਪ੍ਰੇਰਿਤ ਕਰਨ।
ਇਸ ਮੌਕੇ ਸੁਖਜੀਤ ਸਿੰਘ ਬੀ.ਈ.ਈ. ਨੇ ਦੱਸਿਆ ਕਿ ਅੱਖਾਂ ਦਾਨ ਕਰਨ ਦਾ ਫ਼ੈਸਲਾ ਮੌਤ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਅਤੇ ਅੱਖਾਂ ਦਾ ਦਾਨ ਕੇਵਲ ਮੌਤ ਤੋਂ ਬਾਅਦ ਹੀ ਹੁੰਦਾ ਹੈ। ਅੱਖਾਂ ਦਾਨ ਕਰਨ ਲਈ ਫ਼ਾਰਮ ਭਰਿਆ ਜਾਂਦਾ ਹੈ। ਮੌਤ ਤੋਂ 6 ਤੋਂ 8 ਘੰਟਿਆਂ ਦੇ ਅੰਦਰ ਅੱਖਾਂ ਦਾਨ ਹੋਣੀਆਂ ਚਾਹੀਦੀਆਂ ਹਨ। ਕਿਸੇ ਵੀ ਉਮਰ ਦਾ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ ਚਾਹੇ ਉਸ ਦੇ ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਆਪਰੇਸ਼ਨ ਹੋਇਆ ਹੋਵੇ, ਲੈਨਜ਼ ਪਏ ਹੋਣ। ਏਡਜ਼, ਪੀਲੀਆ, ਬਲੱਡ ਕੈਂਸਰ ਤੇ ਦਿਮਾਗ਼ੀ ਬੁੁਖ਼ਾਰ ਆਦਿ ਬਿਮਾਰੀਆਂ ਤੋਂ ਪੀੜਤ ਵਿਅਕਤੀ ਅੱਖਾਂ ਦਾਨ ਨਹੀਂ ਕਰ ਸਕਦੇ। ਅੱਖਾਂ ਦਾਨ ਕਰਨ ਵਾਸਤੇ ਅੱਖਾਂ ਦੇ ਬੈਂਕ ਦੀ ਟੀਮ ਦੇ ਆਉਣ ਤੱਕ ਅੱਖਾਂ ਦੀ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਅਤੇ ਅੱਖਾਂ ’ਤੇ ਗਿੱਲਾ ਤੇ ਸਾਫ਼ ਕੱਪੜਾ ਰੱਖਿਆ ਜਾਵੇ। ਅੱਖਾਂ ਦਾਨ ਦੀ ਪ੍ਰੀਕਿਰਿਆ ’ਚ ਸਿਰਫ਼ 10-15 ਮਿੰਟ ਲਗਦੇ ਹਨ ਅਤੇ ਇਸ ’ਚ ਚਿਹਰੇ ’ਤੇ ਕੋਈ ਨਿਸ਼ਾਨ ਜਾਂ ਦਾਗ਼ ਨਹੀਂ ਲੱਗਦਾ।
