ਜੀਵਨ ਵਿੱਚ ਅਧਿਆਪਕ ਦਾ ਰੋਲ ਅਹਿਮ : ਹਰਚੰਦ ਸਿੰਘ ਬਰਸਟ

ਜੀਵਨ ਵਿੱਚ ਅਧਿਆਪਕ ਦਾ ਰੋਲ ਅਹਿਮ : ਹਰਚੰਦ ਸਿੰਘ ਬਰਸਟ
ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਅਧਿਆਪਕ ਦਿਵਸ ਨੂੰ ਸਮਰਪਿਤ ਡੀ.ਏ.ਵੀ. ਸਕੂਲ ਵਿਖੇ ਕਰਵਾਇਆ ਵਿਸ਼ੇਸ਼ ਪ੍ਰੋਗਰਾਮ
ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਪਟਿਆਲਾ : ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਡੀ.ਏ.ਵੀ. ਸਕੂਲ, ਭੁਪਿੰਦਰਾ ਰੋਡ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਅਤੇ ਵਿਦਿਆਰਥੀ ਜੀਵਨ ਵਿੱਚ ਅਧਿਆਪਕ ਦੇ ਮਹੱਤਵ ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਿਸੇ ਵੀ ਮਨੁੱਖ ਨੂੰ ਜੀਵਨ ਵਿੱਚ ਸਹੀ ਰਾਹ ਵਿਖਾਉਣ ਵਾਲਾ ਕੇਵਲ ਅਧਿਆਪਕ ਹੀ ਹੁੰਦਾ ਹੈ। ਅਧਿਆਪਕ ਬੱਚੇ ਨੂੰ ਚੰਗੀ ਸਿੱਖਿਆ ਦੇ ਕੇ ਜੀਵਨ ਵਿੱਚ ਕਾਮਯਾਬ ਬਣਾਉਂਦੇ ਹਨ। ਸਮਾਜ ਦੇ ਕਿਸੇ ਵੀ ਖੇਤਰ ਵਿੱਚ ਚੰਗੀ ਪ੍ਰਾਪਤੀ ਕਰਨ ਮਗਰੋਂ ਜੋ ਮਾਨ ਮਹਿਸੂਸ ਹੁੰਦਾ ਹੈ, ਉਹ ਕੇਵਲ ਇੱਕ ਅਧਿਆਪਕ ਦੀ ਚੰਗੀ ਸਿੱਖਿਆ ਦਾ ਹੀ ਨਤੀਜਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਬਹੁਤ ਛੋਟੀ ਹੈ, ਰੱਬ ਨੇ ਜਿੰਨੇ ਵੀ ਸਾਂਹ ਸਾਨੂੰ ਬਖਸ਼ੇ ਹਨ, ਉਸ ਨੂੰ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਵਾਤਾਵਰਨ ਵਿੱਚ ਪ੍ਰਦੂਸ਼ਨ ਦੀ ਰੋਕਥਾਮ ਅਤੇ ਪੰਜਾਬ ਰਾਜ ਵਿੱਚ ਹਰਿਆਲੀ ਵਧਾਉਣ ਦੇ ਉਦੇਸ਼ ਨਾਲ ਪੰਜਾਬ ਮੰਡੀ ਬੋਰਡ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 30 ਹਜਾਰ ਬੂਟੇ ਲਗਾਉਣ ਦੇ ਆਪਣੇ ਟੀਚੇ ਨੂੰ ਪਾਰ ਕਰਦਿਆਂ ਹੋਇਆ 33000 ਤੋਂ ਵੱਧ ਪੌਦੇ ਲਗਾਏ ਗਏ ਸਨ ਅਤੇ ਇਸ ਸੀਜਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਹੁਣ ਤੱਕ ਕਰੀਬ 50 ਹਜਾਰ ਪੌਦੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਸ. ਬਰਸਟ ਨੇ ਸੋਸਾਇਟੀ ਵੱਲੋਂ ਪੋਲੀਥੀਨ ਖਿਲਾਫ਼ ਚਲਾਏ ਅਭਿਆਨ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਕਾਗਜ, ਕੱਪੜੇ ਜਾਂ ਜੂਟ ਦੇ ਬਣੇ ਥੈਲੀਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੰਗੀ ਕਾਰਗੁਜਾਰੀ ਕਰਨ ਵਾਲੇ 30 ਅਧਿਆਪਕਾਂ ਅਤੇ 26 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ, ਜਨਰਲ ਸਕੱਤਰ ਡਾ. ਪੁਰਸ਼ੋਤਮ ਗੋਇਲ, ਵਿੱਤ ਸਕੱਤਰ ਕਮਲ ਗੋਇਲ ਸਮੇਤ ਹੋਰ ਵੀ ਮੈਂਬਰ ਮੌਜੂਦ ਰਹੇ।
